ਕੰਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਵਾਪਸ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ, ਦਿੱਤਾ ਮੰਗ ਪੱਤਰ

0
72

ਬੁਢਲਾਡਾ 22 ਮਈ (  (ਸਾਰਾ ਯਹਾ/ ਅਮਨ ਮਹਿਤਾ) : ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਕੌਮੀ ਮੰਚ ਦੇ ਸੱਦੇ ਤੇ ਸੀਟੂ ਅਤੇ ਏਟਕ ਨਾਲ ਸਬੰਧਿਤ ਮਜਦੂਰ ਮੁਲਾਜ਼ਮ ਯੂਨੀਅਨਾਂ ਦੀ ਅਗਵਾਈ ਵਿੱਚ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਖਿਲਾਫ਼ ਸਰਕਾਰਾਂ ਦੁਆਰਾ ਰੋਜ਼ਾਨਾ ਕੰਮ ਦੇ ਘੰਟੇ 8 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦੇ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਉਣ ਅਤੇ ਹੋਰ ਭਟਕਦੀਆਂ ਮੰਗਾਂ ਨੂੰ ਲੈ ਕੇ ਪੁਰਾਣੀ ਕਚਿਹਰੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਹ ਭਰਪੂਰ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ. ਇਸ ਮੋਕੇ ਸੀਟੂ ਦੀ ਜ਼ਿਲਾ ਆਗੂ ਜਸਵਿੰਦਰ ਕੌਰ ਦਾਤੇਵਾਸ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਏਟਕ ਦੇ ਆਗੂ ਵੇਦ ਪ੍ਰਕਾਸ਼ ਸਾਬਕਾ ਐਮ ਸੀ, ਸੀਤਾ ਰਾਮ ਗੋਬਿੰਦਪੁਰਾ ਅਤੇ ਚਿਮਨ ਲਾਲ ਨੇ ਮੋਦੀ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਮਜਦੂਰਾਂ ਤੇ ਪਈ ਹੈ. ਉਨ੍ਹਾਂ ਕਿਹਾ ਕਿ ਰੁਜ਼ਗਾਰ ਖੁਸਣ ਕਰਕੇ ਮਜਦੂਰ ਪਰਿਵਾਰ ਭੁੱਖਮਰੀ ਅਤੇ ਹੋਰ ਦਰਪੇਸ਼ ਔਕੜਾਂ ਕਾਰਨ ਦਾ ਸਾਹਮਣਾ ਕਰ ਰਹੇ ਹਨ, ਵੱਖ ਵੱਖ ਸੂਬਿਆਂ ਵਿੱਚ ਕੰਮ ਤੇ ਲੱਗੇ ਹਜਾਰਾਂ ਲੱਖਾਂ ਮਜਦੂਰ ਸੜਕਾਂ ਤੇ ਰੁਲ ਰਹੇ ਹਨ. ਰੇਲ, ਸੜਕ ਹਾਦਸਿਆਂ ਅਤੇ ਭੁੱਖਮਰੀ ਕਾਰਨ ਜਾਨਾਂ ਤੋਂ ਹੱਥ ਧੋ ਰਹੇ ਹਨ. ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਰੋਟੀ, ਪਾਣੀ, ਰੁਜ਼ਗਾਰ ਜਾਂ ਉਹਨਾਂ ਦੇ ਪਿੱਤਰੀ ਸੂਬਿਆਂ ਚ ਪਰਵਾਸ ਲਈ ਕੋਈ ਯੋਜਨਾ ਨਹੀਂ ਉਲਟਾ ਕਿਰਤੀਆਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ ਅਤੇ ਸਰਮਾਏਦਾਰ ਘਰਾਣਿਆ ਨੂੰ ਗੱਫੇ ਦਿੱਤੇ ਜਾ ਰਹੇ ਹਨ, ਕਰੋਨਾ ਮਹਾਂਮਾਰੀ ਦੌਰਾਨ ਇਹਨਾਂ ਵੱਡੇ ਘਰਾਣਿਆਂ ਦਾ 68 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਕੇਂਦਰ ਸਰਕਾਰ ਨੇ ਮੁਆਫ ਕੀਤਾ ਹੈ, ਦੂਜੇ ਪਾਸੇ ਸਰਕਾਰ ਵੱਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਵਿੱਚ ਕਿਰਤੀਆਂ ਕਿਸਾਨਾਂ ਲਈ ਫੁੱਟੀ ਕੌਡੀ ਨਹੀਂ ਰੱਖੀ. ਆਗੂਆਂ ਨੇ ਦੋਸ਼ ਲਾਇਆ ਕਿ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਕਿਰਤੀਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹੱਕਾਂ ਹਕੂਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ. ਟਰੇਡ ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਕਿਰਤੀਆਂ ਵਿਰੋਧੀ ਚੁੱਕੇ ਕਦਮ ਵਾਪਸ ਨਾ ਲਏ ਤਾਂ ਮਜਦੂਰ ਜਥੇਬੰਦੀਆਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨਗੀਆਂ. ਇਸ ਰੋਸ ਧਰਨੇ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਬਲਾਕ ਪ੍ਰਧਾਨ ਰਣਜੀਤ ਕੌਰ ਬਰੇਟਾ , ਤਜਿੰਦਰ ਵਾਲੀਆ , ਮਨਜੀਤ ਕੌਰ ਬੀਰੋਕੇ ਕਲਾਂ ,ਪੰਜਾਬ ਕਿਸਾਨ ਸਭਾ ਦੇ ਆਗੂ ਕਾ. ਜਸਵੰਤ ਸਿੰਘ ਬੀਰੋਕੇ , ਬਿੰਦਰ ਸਿੰਘ ਅਹਿਮਦਪੁਰ , ਵਿਜੇ ਕੁਮਾਰ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ , ਗੁਰਦਾਸ ਸਿੰਘ ਟਾਹਲੀਆਂ ,ਮਲਕੀਤ ਸਿੰਘ ਮੰਦਰਾਂ ,ਜੱਗਾ ਸਿੰਘ ਸ਼ੇਰਖਾਂ ਵਾਲਾ , ਰਾਜਵਿੰਦਰ ਸਿੰਘ ਚੱਕ ਭਾਈਕੇ ਕਰਨੈਲ ਸਿੰਘ ਦਾਤੇਵਾਸ , ਬੰਬੂ ਸਿੰਘ ਫੁੱਲੂਵਾਲਾ ਡੋਡ , ਹਰਦਿਆਲ ਸਿੰਘ ਦਾਤੇਵਾਸੀਆ , ਮਜਦੂਰ ਮੁਕਤੀ ਮੋਰਚਾ ਦੇ ਆਗੂ ਕੁਲਵੰਤ ਸਿੰਘ ਦਾਤੇਵਾਸ ਆਦਿ ਨੇ ਵੀ ਸੰਬੋਧਨ ਕੀਤਾ. ਇਸ ਮੌਕੇ ਧਰਨਾ ਸਥਾਨ ਤੇ ਪਹੁੰਚ ਕੇ ਨਾਇਬ ਤਹਿਸੀਲਦਾਰ ਸ: ਗੁਰਜੀਤ ਸਿੰਘ ਢਿਲੋਂ ਨੇ ਆਗੂਆਂ ਪਾਸੋਂ ਮੰਗ ਪੱਤਰ ਲੈਂਦਿਆਂ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ.

LEAVE A REPLY

Please enter your comment!
Please enter your name here