ਬਠਿੰਡਾ, 12 ਜੂਨ (ਸਾਰਾ ਯਹਾ/ ਰਘੁਵੰਸ਼ ਬਾਂਸਲ) ਬਠਿੰਡਾ ਨਗਰ ਨਿਗਮ ਨੇ ਸ਼ਹਿਰ ਵਿਚੋਂ ਕੂੜਾ ਚੁੱਕਣ ਲਈ 6 ਨਵੇਂ ਟਰੈਕਟਰ ਖਰੀਦੇ ਹਨ। ਇੰਨਾਂ ਨੂੰ ਅੱਜ ਨਿਗਮ ਦੇ ਦਫ਼ਤਰ ਤੋਂ ਸੀਨਿਅਰ ਕਾਂਗਰਸੀ ਆਗੂ ਸ: ਜੈਜੀਤ ਸਿੰਘ ਜੌਹਲ ਨੇ ਝੰਡੀ ਵਿਖਾ ਕੇ ਕੰਮ ਲਈ ਰਵਾਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ: ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੇ ਯਤਨਾਂ ਨਾਲ ਨਿਗਮ ਵੱਲੋਂ ਸ਼ਹਿਰ ਵਿਚ ਸਫਾਈ ਵਿਵਸਥਾ ਸਮੇਤ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਨਾਂ ਨੇ ਦੱਸਿਆ ਕਿ ਇੰਨਾਂ ਟਰੈਕਟਰਾਂ ਦੀ ਖਰੀਦ ਨਾਲ ਸ਼ਹਿਰ ਦੇ ਕੂੜਾ ਡੰਪਾਂ ਤੋਂ ਤੇਜੀ ਨਾਲ ਕੂੜੇ ਦੀ ਲਿਫਟਿੰਗ ਹੋਣ ਨਾਲ ਸ਼ਹਿਰ ਦੀ ਸਵੱਛਤਾ ਵਿਚ ਵਾਧਾ ਹੋਵੇਗਾ।
ਸ: ਜੌਹਲ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਜੋ ਕਿ ਪਹਿਲਾਂ ਨਗਰ ਕੌਂਸਲ ਹੁੰਦੀ ਸੀ ਤੇ ਅਕਾਲੀ ਦਲ ਦਲ ਦਾ 30 ਸਾਲ ਤੱਕ ਕਬਜਾ ਰਿਹਾ ਹੈ। ਪਰ ਉਨਾਂ ਵੱਲੋਂ ਕਦੇ ਵੀ ਨਿਗਮ ਦੀ ਮਸ਼ੀਨਰੀ ਵਿਚ ਵਾਧੇ ਲਈ ਕੋਈ ਯਤਨ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨਿਗਮ ਕੋਲ ਜੋ ਟਰੈਕਟਰ ਸਨ ਉਨਾਂ ਦੀ ਖਰੀਦ 1978 80 ਦਰਮਿਆਨ ਕੀਤੀ ਗਈ ਸੀ।
ਸ: ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਇੰਨਾਂ 6 ਟਰੈਕਟਰ ਖਰੀਦਣ ਤੇ ਲਗਭਗ 25 ਲੱਖ ਰੁਪਏ ਖਰਚ ਹੋਏ ਹਨ। ਹਰੇਕ ਟਰੈਕਟਰ 25 ਹਾਰਸ ਪਾਵਰ ਦਾ ਹੈ। ਇੰਨਾਂ ਨੂੰ ਵੱਖ ਵੱਖ ਜੋਨਾਂ ਵਿਚ ਸਫਾਈ ਕਾਰਜਾਂ ਵਿਚ ਲਗਾਇਆ ਜਾਵੇਗਾ।
ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਵਿਸੇਸ਼ ਤੱਵਜੋਂ ਦਿੱਤੀ ਜਾ ਰਹੀ ਹੈ ਜਿਸ ਤਹਿਤ ਗਲੀਆਂ ਦੀ ਇੰਟਰਲਾਕਿੰਗ, ਸੜਕਾਂ ਦੀ ਮੁਰੰਮਤ ਅਤੇ ਪੀਣ ਦੇ ਪਾਣੀ ਦੀ ਵਿਵਸਥਾ ਵਿਚ ਸੁਧਾਰ ਦੇ ਕੰਮ ਸ਼ਹਿਰ ਵਿਚ ਚਲਾਏ ਜਾ ਰਹੇ ਹਨ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਸ੍ਰੀ ਕੇਕੇ ਅਗਰਵਾਲ, ਸ੍ਰੀ ਜਗਰੂਪ ਗਿੱਲ, ਸਫਾਈ ਕਰਮਚਾਰੀ ਯੁਨੀਅਨ ਪ੍ਰਧਾਨ ਸ੍ਰੀ ਵੀਰਭਾਨ ਆਦਿ ਵੀ ਹਾਜਰ ਸਨ।