ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਵਿਡ ‘ਤੇ ਕੰਟਰੋਲ ਲਈ ਹਰ ਘਰ ਦੀ ਨਜ਼ਰਸਾਨੀ ਲਈ ‘ਘਰ ਘਰ ਨਿਗਰਾਨੀ’ ਐਪ ਲਾਂਚ

0
37

ਚੰਡੀਗੜ•, 12 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ) ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਈਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਲਾਂਚ ਕੀਤੀ ਜਿਸ ਤਹਿਤ ਸੂਬੇ ਦੇ ਹਰ ਘਰ ‘ਤੇ ਉਦੋਂ ਤੱਕ ਨਜ਼ਰਸਾਨੀ ਰੱਖੀ ਜਾਵੇਗੀ ਜਦੋਂ ਤੱਕ ਇਸ ਮਹਾਂਮਾਰੀ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਵੀਡਿਓ ਕਾਨਫਰੰਸ ਰਾਹੀਂ ਐਪ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਇਹ ਉਦਮ ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਅਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗਾ ਜਿਸ ਨਾਲ ਸਮੂਹਿਕ ਫੈਲਾਅ ਰੋਕਣ ਵਿੱਚ ਮੱਦਦ ਮਿਲੇਗੀ। ਇਸ ਮੁਹਿੰਮ ਵਿੱਚ ਆਸ਼ਾ ਵਰਕਰ ਤੇ ਕਮਿਊਨਿਟੀ ਵਲੰਟੀਅਰ ਸ਼ਾਮਲ ਹੋਣਗੇ।
ਵਧੀਕ ਮੁੱਖ ਸਕੱਤਰ (ਸਿਹਤ) ਅਨੁਰਾਗ ਅੱਗਰਵਾਲ ਨੇ ਕਿਹਾ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਉਮਰ ਦੀ ਪੰਜਾਬ ਦੀ ਸਾਰੀ ਸ਼ਹਿਰੀ ਤੇ ਪੇਂਡੂ ਵਸੋਂ ਦਾ ਸਰਵੇਖਣ ਕੀਤਾ ਜਾਵੇਗਾ। ਇਸ ਵਿੱਚ 30 ਸਾਲ ਤੋਂ ਘੱਟ ਉਮਰ ਦੇ ਭਿਆਨਕ ਸਾਹ ਦੀ ਬਿਮਾਰੀ ਤੋਂ ਪੀੜਤ ਅਤੇ ਵਾਇਰਸ ਵਰਗੀਆਂ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੀ ਕਵਰ ਕੀਤਾ ਜਾਵੇਗਾ।
ਸ੍ਰੀ ਅੱਗਰਵਾਲ ਨੇ ਕਿਹਾ ਕਿ ਇਸ ਤਹਿਤ ਇਕ ਵਾਰ ਗਤੀਵਿਧੀ ਨਹੀਂ ਕੀਤੀ ਜਾਵੇਗੀ ਬਲਕਿ ਇਹ ਨਿਰੰਤਰ ਪ੍ਰਕਿਰਿਆ ਹੋਵੇਗੀ ਜਿਹੜੀ ਕੋਵਿਡ ਦੇ ਮੁਕੰਮਲ ਖਾਤਮੇ ਤੱਕ ਚੱਲੇਗੀ।
ਸ੍ਰੀ ਅੱਗਰਵਾਲ ਨੇ ਕਿਹਾ ਕਿ ਸਰਵੇਖਣ ਤਹਿਤ ਹਰੇਕ ਵਿਅਕਤੀ ਦੀ ਪਿਛਲੇ ਇਕ ਹਫਤੇ ਤੋਂ ਪੂਰੀ ਮੈਡੀਕਲ ਸਥਿਤੀ ਅਤੇ ਕੋਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਦਾ ਮੁਕੰਮਲ ਡਾਟਾ ਤਿਆਰ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਨਾਲ ਬਹੁਤ ਹੀ ਮਹੱਤਵਪੂਰਨ ਡਾਟਾਬੇਸ ਤਿਆਰ ਹੋਵੇਗਾ ਜਿਹੜਾ ਕੋਵਿਡ ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਉਲੀਕਣ ਲਈ ਮੱਦਦਗਾਰ ਸਾਬਤ ਹੋਵੇਗਾ ਜੋ ਸਮੂਹਿਕ ਫੈਲਾਅ ਨੂੰ ਰੋਕਣ ਵਿੱਚ ਕੰਮ ਆਵੇਗਾ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਸਰਵੇਖਣ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਐਮ.ਆਈ.ਐਸ. ਆਧਾਰਿਤ ਨਿਗਰਾਨੀ ਲਈ ਸਹਾਇਤਾ ਪ੍ਰਦਾਨ ਕਰ ਕੇ ਨਵੀਂ ਦਿਸ਼ਾ ਪ੍ਰਦਾਨ ਕਰੇਗਾ।
ਵਿਸ਼ੇਸ਼ ਸਕੱਤਰ ਸਿਹਤ ਕਮ ਟੈਸਟਿੰਗ ਇੰਚਾਰਜ ਈਸ਼ਾ ਕਾਲੀਆ ਨੇ ਦੱਸਿਆ ਕਿ ਇਹ ਵਰਤੋਂ ਪੱਖੀ ਐਪ ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦਾ ਟੈਸਟ ਪਟਿਆਲਾ ਤੇ ਮਾਨਸਾ ਵਿਖੇ ਕੀਤਾ ਗਿਆ। ਕਰੀਬ 20628 ਵਿਅਕਤੀਆਂ ਦਾ ਸਰਵੇਖਣ ਕੀਤਾ ਗਿਆ ਜਿਨ•ਾਂ ਵਿੱਚੋਂ 9045 ਵਿਅਕਤੀ ਸਾਹ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਅਤੇ 1583 ਵਿਅਕਤੀ ਖੰਘ/ਬੁਖਾਰ/ਗਲੇ ਦੀ ਖਰਾਸ਼/ਸਾਹ ਲੈਣ ਵਿੱਚ ਤਕਲੀਫ ਆਦਿ ਤੋਂ ਪੀੜਤ ਪਾਏ ਗਏ।
ਸਰਵੇਖਣ ਮੌਜੂਦਾ ਸਮੇਂ 518 ਪਿੰਡਾਂ ਅਤੇ 47 ਸ਼ਹਿਰੀ ਵਾਰਡਾਂ ਵਿੱਚ ਸਰਵੇਖਣ ਚੱਲ ਰਿਹਾ ਹੈ। 4.88 ਫੀਸਦੀ ਵਿਅਕਤੀ ਬਲੱਡ ਪ੍ਰੈਸ਼ਰ, 2.23 ਫੀਸਦੀ ਵਿਅਕਤੀ ਸ਼ੂਗਰ, 0.14 ਫੀਸਦੀ ਕਿਡਨੀ ਦੀਆਂ ਬਿਮਾਰੀਆਂ, 0.64 ਫੀਸਦੀ ਦਿਲ ਦੀਆਂ ਬਿਮਾਰੀਆਂ, 0.13 ਫੀਸਦੀ ਟੀ.ਬੀ. ਅਤੇ 0.13 ਫੀਸਦੀ ਕੈਂਸਰ ਤੋਂ ਪੀੜਤ ਹਨ।
ਆਸ਼ਾ ਵਰਕਰ ਤੇ ਕਮਿਊਨਿਟੀ ਵਲੰਟੀਅਰਾਂ ਨੂੰ ਸਰਵੇਖਣ ਲਈ 4 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ/ਮਾਣਭੱਤਾ ਦਿੱਤਾ ਜਾਵੇਗਾ ਅਤੇ 500 ਘਰ ਕਵਰ ਕੀਤੇ ਜਾਣਗੇ। ਵਿਭਾਗ ਵੱਲੋਂ ਹਰੇਕ ਵਲੰਟੀਅਰ ਦੇ ਕੰਮ ਨੂੰ ਮਾਨਤਾ ਦਿੰਦਿਆਂ ਪ੍ਰਸੰਸਾ ਪੱਤਰ ਦਿੱਤਾ ਜਾਵੇਗਾ।
ਇਕ ਸੁਪਰਵਾਈਜ਼ਰ ਆਸ਼ਾ ਵਰਕਰ ਤੇ ਕਮਿਊਨਿਟੀ ਵਲੰਟੀਅਰਾਂ ਦੇ ਕੰਮ ਦੀ ਨਿਗਰਾਨੀ ਰੱਖੇਗਾ ਜਿਸ ਨੂੰ ਵਲੰਟੀਅਰ ਆਧਾਰ ‘ਤੇ 5000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸੁਪਰਵਾਈਜ਼ਰ ਸਿੱਧੇ ਤੌਰ ‘ਤੇ ਵਲੰਟੀਅਰਾਂ ਵੱਲੋਂ ਦਿੱਤੇ ਡਾਟੇ ਦੀ ਗੁਣਵੱਤਾ ਦੀ ਜਾਂਚ ਲਈ ਜ਼ਿੰਮੇਵਾਰ ਹੋਵੇਗਾ ਅਤੇ ਰੋਜ਼ਾਨਾ ਕੰਮ ਦੀ ਨਿਗਰਾਨੀ ਰੱਖੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਲੱਛਣ ਪਾਏ ਗਏ ਵਿਅਕਤੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇ।
ਕਮਿਊਨਿਟੀ ਵਲੰਟੀਅਰਾਂ ਤੋਂ ਉਸ ਖੇਤਰ ਵਿੱਚ ਕੰਮ ਲਿਆ ਜਾਵੇਗਾ ਜਿੱਥੇ ਆਸ਼ਾ ਵਲੰਟੀਅਰ ਮੌਜੂਦ ਨਾ ਹੋਣ ਜਾਂ ਆਸ਼ਾ ਵਰਕਰ ਮੋਬਾਈਲ ਐਪ ਦੀ ਵਰਤੋਂ ਕਰਨ ਵਿੱਚ ਅਸਮਰੱਥ ਹੋਣ। ਕਮਿਊਨਿਟੀ ਵਲੰਟੀਅਰ ਕੋਈ ਵੀ ਔਰਤ ਹੋ ਸਕਦੀ ਹੈ ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ, 12ਵੀਂ ਜਾਂ ਇਸ ਤੋਂ ਵੱਧ ਵਿਦਿਅਕ ਯੋਗਤਾ ਹੋਵੇ ਅਤੇ ਉਸੇ ਪਿੰਡ ਜਾਂ ਵਾਰਡ ਦੀ ਵਸਨੀਕ ਹੋਵੇ।
ਵੀਡਿਓ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ.ਸੋਨੀ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਕੇ.ਸਿਵਾ ਪ੍ਰਸਾਦ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਡੀ.ਕੇ.ਤਿਵਾੜੀ, ਸਲਾਹਕਾਰ ਮੈਡੀਕਲ ਸਿੱਖਿਆ ਡਾ.ਕੇ.ਕੇ.ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ, ਡਾਇਰਕੈਟਰ ਖੁਰਾਕ ਤੇ ਸਿਵਲ ਸਪਲਾਈ ਅਨਿੰਦਿਤਾ ਮਿੱਤਰਾ, ਡਾਇਰੈਕਟਰ ਸਿਹਤ ਸੇਵਾਵਾਂ ਡਾ.ਅਵਨੀਤ ਕੌਰ, ਪੀ.ਜੀ.ਆਈ. ਤੋਂ ਡਾ.ਰਾਜੇਸ਼ ਕੁਮਾਰ ਤੇ ਨੋਡਲ ਅਫਸਰ ਕੋਵਿਡ-19 ਡਾ.ਰਾਜੇਸ਼ ਭਾਸਕਰ ਵੀ ਹਾਜ਼ਰ ਸਨ।
——

LEAVE A REPLY

Please enter your comment!
Please enter your name here