-ਪ੍ਰਚਾਰ ਵੈਨਾਂ ਕੋਵਿਡ-19 ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਹੋ ਰਹੀਆਂ ਹਨ ਸਹਾਈ ਸਿੱਧ

0
16

ਮਾਨਸਾ, 18 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਨੋਵਲ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਸੂਬਾ ਵਾਸੀਆਂ ਨੂੰ ਬਚਾਈ ਰੱਖਣ ਦੇ ਮੰਤਵ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਪ੍ਰਚਾਰ ਵੈਨਾਂ ਕਾਫ਼ੀ ਸਹਾਈ ਸਿੱਧ ਹੋ ਰਹੀਆਂ ਹਨ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਮਿਸ਼ਨ ਫਤਿਹ ਤਹਿਤ ਚੱਲ ਰਹੇ ਤੀਜੇ ਹਫ਼ਤੇ ਦੌਰਾਨ ਚਲਾਈਆਂ ਜਾ ਰਹੀਆਂ ਪ੍ਰਚਾਰ ਵੈਨਾਂ ਦੇ ਦੂਜੇ ਗੇੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ 16 ਪ੍ਰਚਾਰ ਵੈਨਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ, ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਜੂਨ ਨੂੰ ਇਨ੍ਹਾਂ ਵੈਨਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਅਤੇ ਅੱਜ ਫਿਰ ਇਨ੍ਹਾਂ ਪ੍ਰਚਾਰ ਵੈਨਾਂ ਨੂੰ ਕੋਵਿਡ-19 ਸਬੰਧੀ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਤੋਂ 21 ਜੂਨ 2020 ਤੱਕ ਮਿਸ਼ਨ ਫਤਿਹ ਸਬੰਧੀ ਇਹ ਸਪਤਾਹ ਚਲਾਇਆ ਜਾ ਰਿਹਾ ਹੈ, ਜਿਸ ਦਾ ਮੰਤਵ ਆਮ ਲੋਕਾਂ ਨੂੰ ਕੋਵਿਡ-19 ਦੀ ਚਪੇਟ ਵਿੱਚ ਆਉਣ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 16 ਪ੍ਰਚਾਰ ਵੈਨਾਂ ਵਿੱਚੋਂ ਨਗਰ ਕੌਂਸਲ ਮਾਨਸਾ, ਬੁਢਲਾਡਾ ਅਤੇ ਬਰੇਟਾ ਲਈ 2-2 ਵੈਨਾਂ ਸ਼ਹਿਰੀ ਇਲਾਕਿਆਂ ਵਿੱਚ ਪ੍ਰਚਾਰ ਕਰਨ ਅਤੇ ਜ਼ਿਲ੍ਹੇ ਦੇ 5 ਬਲਾਕਾਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਝੁਨੀਰ ਅਤੇ ਜੋਗਾ ਬਲਾਕ ਵਿੱਚ 2-2 ਵੈਨਾਂ ਪੇਂਡੂ ਖੇਤਰ ਵਿੱਚ ਪ੍ਰਚਾਰ ਲਈ ਭੇਜੀਆਂ ਗਈਆਂ ਹਨ, ਜੋ ਲੋਕਾਂ ਨੂੰ ਮਾਸਕ ਪਹਿਨਣ, ਆਪਣੇ ਹੱਥਾਂ ਨੂੰ ਸਾਫ਼ ਰੱਖਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਜੂਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੋਵਲ ਕੋਰੋਲਾ ਵਾਇਰਸ ਦੇ ਚੱਲਦਿਆਂ ਮੁਹਰਲੀ ਕਤਾਰ ਵਿੱਚ ਖੜ੍ਹੇ ਰਹਿਣ ਵਾਲੇ ਕੋਰੋਨਾ ਯੋਧਿਆਂ ਨੂੰ ਸਰਕਾਰ ਵਲੋਂ ਮਿਸ਼ਨ ਫ਼ਤਿਹ ਦਾ ਬੈਜ ਲਗਾਇਆ ਗਿਆ ਅਤੇ 16 ਜੂਨ ਨੂੰ ਆਂਗਨਵਾੜੀ ਵਰਕਰਾਂ ਅਤੇ 17 ਜੂਨ ਨੂੰ ਸਰਪੰਚਾਂ ਵੱਲੋਂ ਘਰੋਂ ਘਰੀਂ ਜਾ ਕੇ ਤੇ ਬੈਜ ਲਗਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦਾ ਮੁੱਖ ਮੰਤਵ ਲੋਕਾਂ ਨੂੰ ਕੋਵਿਡ-19 ਤੋਂ ਵੱਧ ਤੋਂ ਵੱਧ ਜਾਣੂ ਕਰਵਾਉਣਾ ਹੈ ਅਤੇ ਉਸ ਤੋਂ ਬਚਾਅ ਸਬੰਧੀ ਜੋ ਨੁਕਤੇ ਹਨ, ਉਨ੍ਹਾਂ ਨੂੰ ਲੋਕਾਂ ਨਾਲ ਸਾਂਝਾ ਕਰਨਾ ਹੈ।ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਮਿਸ਼ਨ ਨਾਲ ਜੁੜਨ ਅਤੇ ਕੋਵਾ ਪੰਜਾਬ ਐਪ ਡਾਊਨਲੋਡ ਕਰਕੇ ਉਸ ਵਿੱਚ ਮਿਸ਼ਨ ਫਤਿਹ ਨੂੰ ਜੁਆਇੰਨ ਕਰਨ, ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।

LEAVE A REPLY

Please enter your comment!
Please enter your name here