ਕਣਕ ਦੀ ਖਰੀਦ ਤੋਂ ਪਹਿਲਾਂ ਐਫਸੀਆਈ ਵੱਲੋਂ ਜਾਰੀ ਨਿਯਮਾਂ ‘ਤੇ ਆੜਤੀਆਂ ਦਾ ਵੱਡਾ ਐਲਾਨ

0
159

ਅੰਮ੍ਰਿਤਸਰ 25 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਜ਼ਿਲ੍ਹੇ ਦੀ ਭਗਤਾਂਵਾਲਾ ਮੰਡੀ ਦੇ ਆੜ੍ਹਤੀਆਂ ਨਾਲ ਗੱਲਬਾਤ ਕਰਨ ‘ਤੇ ਆੜ੍ਹਤੀਆਂ ਨੇ ਕਿਹਾ ਕਿ ਜੇਕਰ ਇਸ ਮਸਲੇ ‘ਤੇ ਐਫਸੀਆਈ ਨੇ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਬਾਡੀ ਵੱਲੋਂ ਦਿੱਤੇ ਫੈਸਲੇ ਮੁਤਾਬਕ ਮੰਡੀਆਂ ਬੰਦ ਕਰ ਦਿੱਤੀਆਂ ਜਾਣਗੀਆ। ਇਸ ਦਾ ਸਿੱਧਾ ਅਸਰ ਕਣਕ ਦੀ ਖਰੀਦ ‘ਤੇ ਪਵੇਗਾ ਤੇ ਕਣਕ ਦੀ ਖਰੀਦ ਬੰਦ ਹੋਣ ‘ਤੇ ਐਫਸੀਆਈ ਤੇ ਕੇਂਦਰ ਸਰਕਾਰ ਜਿੰਮੇਵਾਰ ਹੋਵੇਗੀ।

ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਮੰਡੀ ਸਿਸਟਮ ਨੂੰ ਤਬਾਹ ਕਰਕੇ ਮੰਡੀਆਂ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸੇ ਕਰਕੇ ਹੀ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਤੇ ਕਿਸਾਨੀ ਅੰਦੋਲਨ ਚੱਲ ਪਿਆ। ਹੁਣ ਇਸ ਅੰਦੋਲਨ ਨੂੰ ਖਤਮ ਕਰਨ ਲਈ ਐਫਸੀਆਈ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤੇ ਹਨ।

ਆੜ੍ਹਤੀਆਂ ਨੂੰ ਮਿਲਦੀ ਕਮਿਸ਼ਨ ਤੇ ਕਿਸਾਨਾਂ ਦੇ ਸਿੱਧੇ ਖਾਤਿਆਂ ‘ਚ ਅਦਾਇਗੀ ਜਾਣ ਦੇ ਮਾਮਲੇ ‘ਚ ਬਹਿਲ ਨੇ ਕਿਹਾ ਕਿ ਆੜ੍ਹਤੀ ਆਪਣੀ ਮਿਹਨਤ ਲੈਂਦੇ ਹਨ ਤੇ ਕਿਸਾਨਾਂ ਵਾਂਗ ਉਹ ਵੀ ਫਸਲ ਨੂੰ ਪੁੱਤਾਂ ਵਾਂਗ ਸੰਭਾਲਦੇ ਹਨ। ਕਿਸਾਨਾਂ ਨੂੰ ਸਿੱਧੀ ਅਦਾਇਗੀ ਪਹਿਲਾਂ ਵੀ ਕਰਨ ਦਾ ਹੁਕਮ ਹੋਇਆ ਸੀ ਪਰ ਪੂਰੇ ਪੰਜਾਬ ‘ਚੋਂ ਇੱਕ ਵੀ ਕਿਸਾਨ ਨੇ ਸਿੱਧੀ ਅਦਾਇਗੀ ਹਾਸਲ ਨਹੀਂ ਕੀਤੀ।

ਇਸ ਦੇ ਨਾਲ ਹੀ ਆੜ੍ਹਤੀ ਆਗੂ ਦੁਰਗਾਦਾਸ ਨੇ ਦੱਸਿਆ ਕਿਸਾਨ ਤੇ ਆੜ੍ਹਤੀ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੈ ਤੇ ਜਿਸ ਨੂੰ ਕਦੇ ਵੀ ਤੋੜਿਆ ਜਾ ਸਕਦਾ। ਕਿਸਾਨ ਤੇ ਆੜਤੀ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਹਨ। ਸੀਨੀਅਰ ਆੜਤੀ ਹਰਦਿਆਲ ਸਿੰਘ ਨੇ ਦੱਸਿਆ ਕਿ ਅਜਿਹੇ ਨਿਯਮ ਲਾਗੂ ਹੋਣਾ ਸੰਭਵ ਨਹੀਂ, ਕਿਉਂਕਿ ਕਿਸਾਨ ਤੇ ਆੜ੍ਹਤੀ ਇੱਕ ਦੂਜੇ ‘ਤੇ ਨਿਰਭਰ ਕਰਦੇ ਹਨ। ਇਸ ਕਰਕੇ ਕਿਸਾਨ ਅੰਦੋਲਨ ਦਾ ਆੜਤੀਆਂ ਨੇ ਵੱਧ ਚੜ੍ਹ ਕੇ ਸਮਰਥਨ ਕੀਤਾ। ਹੁਣ ਕਿਸਾਨ ਵੀ ਆੜਤੀਆਂ ਦਾ ਸਮਰਥਨ ਕਰ ਰਹੇ ਹਨ ਤੇ ਕਿਸਾਨ ਵੀ ਨਹੀਂ ਚਾਹੁੰਦੇ ਸੀ ਕਿ ਉਨ੍ਹਾਂ ਦੇ ਖਾਤਿਆਂ ‘ਚ ਸਿੱਧੀ ਅਦਾਇਗੀ ਆਵੇ।

LEAVE A REPLY

Please enter your comment!
Please enter your name here