*ਜ਼ਿਲ੍ਹੇ ਅੰਦਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ-ਡਿਪਟੀ ਕਮਿਸ਼ਨਰ*

0
43

ਮਾਨਸਾ 27, ਸਤੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਬਾਰਕ ਮੌਕੇ ਉੱਤੇ ਵੱਖ ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਮੂਹ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦੀ ਤਸਵੀਰ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ ਅਤੇ ਫੁੱਲ ਭੇਟ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਵੇਰੇ 7 ਵਜੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਤੋਂ ਬੱਚਤ ਭਵਨ ਤੱਕ ਮੈਰਾਥਨ ਕਰਵਾਈ ਜਾਵੇਗੀ। ਇਸ ਉਪਰੰਤ ਸਵੇਰੇ 8 ਵਜੇ ਸਾਈਕਲ ਰੈਲੀ ਕੱਢੀ ਜਾਵੇਗੀ ਜੋ ਕਿ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਚੌਂਕ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੱਚਤ ਭਵਨ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਜਾਣਗੇ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੇਖ, ਭਾਸ਼ਣ, ਪੇਂਟਿੰਗ ਆਦਿ ਮੁਕਾਬਲਿਆਂ ਵਿਚ ਜੇਤੂ ਸਕੂਲੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਸਨਮਾਨ ਸਮਾਰੋਹ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਸੇ ਦਿਨ ਸ਼ਾਮ ਨੂੰ 7:30 ਵਜੇ ਗੁਰਦੁਆਰਾ ਚੌਂਕ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਂਕ ਤੱਕ ਕੈਂਡਲ ਲਾਈਟ ਮਾਰਚ ਕੱਢਿਆ ਜਾਵੇਗਾ, ਜਿਸ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਕਈ ਗ਼ੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕ ਭਾਗ ਲੈਣਗੇ।  ਡਿਪਟੀ ਕਮਿਸ਼ਨਰ ਨੇ 28 ਸਤੰਬਰ ਨੂੰ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸ਼ਾਮ/ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਦੀ ਯਾਦ ਵਿੱਚ ਦੀਵਾ ਜਾਂ ਮੋਮਬੱਤੀ ਜਗਾਉਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ “ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ“ ਨੂੰ ਪ੍ਰੇਰਨਾ ਹਿੱਤ ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਦੀਆਂ ਦੀਵਾਰਾਂ ਤੇ ਸਟੈਨਸਿਲ/ਪੇਂਟ ਕੀਤਾ ਜਾਵੇਗਾ। ਇਸ ਦਿਨ ਸਕੂਲਾਂ ਵਿੱਚ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਜਾਣਗੇ ਅਤੇ ਸਵੇਰ ਦੀ ਸਭਾ ਦੌਰਾਨ ਸ਼ਹੀਦ-ਏ-ਆਜਮ ਸ੍ਰ ਭਗਤ ਸਿੰਘ ਦੇ ਆਦਰਸ਼ਾਂ ਉੱਤੇ ਸੰਬੋਧਨ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਹੈ। ਮਿਤੀ 28 ਸਤੰਬਰ, 2022 ਨੂੰ ਜ਼ਿਲ੍ਹੇ ਅੰਦਰ ਚੱਲਣ ਵਾਲੀਆਂ ਬੱਸਾਂ ਵਿੱਚ ਦੇਸ਼ ਭਗਤੀ ਦੇ ਗੀਤ ਚਲਾਏ ਜਾਣ ਸਬੰਧੀ ਜ਼ਿਲ੍ਹਾ ਮੈਨੇਜ਼ਰ ਪੰਜਾਬ ਰੋਡਵੇਜ ਨੂੰ ਲਿਖਿਆ ਗਿਆ ਹੈ। ਜ਼ਿਲ੍ਹਾ ਖੇਡ ਦਫ਼ਤਰ ਨੂੰ ਵਿਸ਼ੇਸ਼ ਮੈਚ ਕਰਵਾਏ ਜਾਣ ਬਾਰੇ ਕਿਹਾ ਗਿਆ ਹੈ।ਡਿਪਟੀ ਕਮਿਸਨਰ ਸ੍ਰੀਮਤੀ ਬਲਦੀਪ ਕੌਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਇਨ੍ਹਾਂ ਸਮਾਗਮਾਂ ਅਤੇ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਨੂੰ ਉਹਨਾਂ ਦੇ 115ਵੇਂ ਜਨਮ ਦਿਵਸ ਉੱਤੇ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਜਾ ਸਕੇ।      ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ, ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ, ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ  ਸ੍ਰੀ ਰਘਬੀਰ ਸਿੰਘ ਮਾਨ, ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। 

LEAVE A REPLY

Please enter your comment!
Please enter your name here