ਮਿਡਲ ਸਕੂਲਾਂ ਚੋਂ ਪੀ ਟੀ ਆਈ ਅਧਿਆਪਕਾਂ ਦੀਆਂ ਪੋਸਟਾਂ ਸਮਾਪਤ ਕਰਨਾ ਗ਼ਲਤ-ਜੀ ਟੀ ਯੂ

0
33

ਮਾਨਸਾ 24 ਫਰਵਰੀ ( (ਸਾਰਾ ਯਹਾ /ਬੀਰਬਲ ਧਾਲੀਵਾਲ ) ਪੰਜਾਬ ਸਿੱਖਿਆ ਵਿਭਾਗ ਨੇ ਤਾਜ਼ਾ ਹੁਕਮਾਂ ਰਾਹੀਂ ਸਰਕਾਰੀ ਮਿਡਲ ਸਕੂਲਾਂ ਚੋਂ ਪੀ ਟੀ ਆਈ ਅਧਿਆਪਕਾਂ ਨੂੰ ਸ਼ਿਫਟ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰਾਂ ਵਿੱਚ ਭੇਜਣ ਦਾ ਫੁਰਮਾਨ ਜਾਰੀ ਕੀਤਾ ਹੈ। ਵਿਭਾਗ ਦੇ ਇਸ ਫੈਸਲੇ ਨਾਲ ਅਧਿਆਪਕ ਸਫ਼ਾਂ ਅੰਦਰ ਖਲਬਲੀ ਮੱਚ ਗਈ ਹੈ। ਵਿਭਾਗੀ ਫ਼ੈਸਲੇ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਮਿਡਲ ਸਕੂਲਾਂ ਚੋਂ 228 ਪੀ.ਟੀ.ਆਈ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਨੂੰ ਮਿਡਲ ਸਕੂਲਾਂ ਅੰਦਰ ਪੜ੍ਹ ਰਹੇ ਵਿਦਿਆਰਥੀਆਂ ਨਾਲ ਘੋਰ ਬੇਇਨਸਾਫ਼ੀ ਕਰਾਰ ਦਿੱਤਾ ਹੈ। ਅਜਿਹਾ ਕਰਕੇ ਸਰਕਾਰ ਨੇ ਆਪਣੇ ਪਹਿਲੇ ਫ਼ੈਸਲੇ ਕਿ ਹਰ ਮਿਡਲ ਸਕੂਲ ਵਿੱਚ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਦੀ ਅਸਾਮੀ ਲਾਜ਼ਮੀ ਦਿੱਤੀ ਗਈ ਸੀ, ਨੂੰ ਪਲਟ ਕੇ ਰੱਖ ਦਿੱਤਾ ਹੈ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਇਸ ਫ਼ੈਸਲੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨਾਲ ਹੀ ਬਲਾਕ ਪ੍ਰਾਇਮਰੀ ਦਫਤਰਾਂ ਲਈ 228 ਨਵੀਆਂ ਅਸਾਮੀਆਂ ਸਿਰਜਣ ਲਈ ਜ਼ੋਰ ਦਿੱਤਾ ਹੈ । ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ ਅਤੇ ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਕਿਹਾ ਕਿ ਸਰਕਾਰ ਨੂੰ ਨਵੀਆਂ ਪੀ ਟੀ ਆਈ ਅਧਿਆਪਕਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਪ੍ਰਾਇਮਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ ,ਇਸ ਨਾਲ ਬੇਰੁਜ਼ਗਾਰਾਂ ਲਈ ਰੁਜ਼ਗਾਰ ਦਾ ਰਾਹ ਖੁੱਲ੍ਹੇਗਾ।ਇਸ ਮੌਕੇ ਬਲਵਿੰਦਰ ਉੱਲਕ, ਗੁਰਪ੍ਰੀਤ ਦਲੇਲਵਾਲਾ, ਸਤੀਸ਼ ਕੁਮਾਰ, ਲਖਵਿੰਦਰ ਮਾਨ, ਸੁਖਵਿੰਦਰ ਅਗਰੋਈਆ, ਸੁਖਦੀਪ ਗਿੱਲ, ਬੂਟਾ ਸਿੰਘ ਤੱਗੜ,ਹਰਦੀਪ ਸਿੰਘ, ਦਰਸ਼ਨ ਸਿੰਘ ਜਟਾਣਾ, ਵਿਜੈ ਕੁਮਾਰ, ਪ੍ਰਗਟ ਸਿੰਘ, ਇਕਬਾਲ ਸਿੰਘ, ਬਲਵੰਤ ਸਿੰਘ, ਪ੍ਰਭੂ ਰਾਮ, ਗੋਬਿੰਦ ਮੱਤੀ, ਸਹਿਦੇਵ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here