ਮਾਨਸਾ 5,ਅਪਰੈਲ,(ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਆਨ-ਲਾਈਨ ਪੜ੍ਹਾਈ ਕਰ ਰਹੇ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਜੂਮ ਐਪ ‘ਤੇ ਸਿੱਧੀਆਂ ਕਰਦਿਆਂ ਉਨ੍ਹਾਂ ਦੀ ਪੜ੍ਹਾਈ ਦਾ ਹਾਲਚਾਲ ਪੁੱਛਿਆ। ਉਨ੍ਹਾਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਕਰੋਨਾ ਦੇ ਇਸ ਗੰਭੀਰ ਸੰਕਟ ਦੌਰਾਨ ਕਿਸੇ ਵੀ ਪਰਿਵਾਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾਲ ਹੀ ਬੱਚਿਆਂ ਦੇ ਆਨ-ਲਾਈਨ ਪੜ੍ਹਾਈ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਐਸਐਸਪੀ ਵੱਲੋਂ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਨਾਲ ਜਦੋ ਗੱਲਬਾਤ ਕੀਤੀ ਗਈ ਤਾਂ ਸਕੂਲ ਦੇ ਵਿਦਿਆਰਥੀ ਬੱਬੂ ਸਿੰਘ, ਹਰਪ੍ਰੀਤ ਸਿੰਘ ਪਿੰਡ ਫੱਤਾ ਮਾਲੋਕਾ, ਗੁਰਪ੍ਰੀਤ ਸਿੰਘ ਚੈਨੇਵਾਲਾ,ਅਰੁਣ ਗੋਇਲ ਝੇਰਿਆਂਵਾਲੀ ਅਤੇ ਖੁਸ਼ਦੀਪ ਸਿੰਘ ਹੀਰਕੇ ਨੇ ਆਪਣੇ ਸਵਾਲ-ਜਵਾਬ ਵੀ ਕੀਤੇ।ਐਸਐਸਪੀ ਵੱਲੋਂ ਇਸ ਤਰ੍ਹਾਂ ਘਰਾਂ ਵਿੱਚ ਮੋਬਾਇਲ ਉਤੇ ਗੱਲ ਕਰਨ ‘ਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਬਾਗੋ-ਬਾਗ ਸਨ।
ਡਾ.ਭਾਰਗਵ ਨੇ ਅੱਜ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਨਾਲ ਆਪਣੇ ਦਫ਼ਤਰੋਂ ਬੈਠਕੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਆਨ-ਲਾਈਨ ਪੜ੍ਹਾਈ ਦਾ ਨਿਰੀਖਣ ਕੀਤਾ।ਉਨ੍ਹਾਂ ਬੱਚਿਆਂ ਤੇ ਮਾਪਿਆਂ ਨੂੰ ਕਰੋਨਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ, ਪਰ ਇਸ ਤੋਂ ਬਚਾਅ ਲਈ ਸਾਨੂੰ ਸਭਨਾਂ ਨੂੰ ਘਰਾਂ ਵਿੱਚ ਰਹਿਕੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸਾਰਥਕ ਮਨੋਰੰਜਨ ਲਈ ਸੁਚੱਜੀ ਅਗਵਾਈ ਦੀ ਲੋੜ ਹੈ।
ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਲੈਕਚਰਾਰ ਸੁਰਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਆਨ-ਲਾਈਨ ਵੱਖ-ਵੱਖ ਵਿਸ਼ਿਆਂ ਦੀ ਸਮੱਗਰੀ ਭੇਜੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਹਰ ਰੋਜ਼ ਵਿਦਿਆਰਥੀਆਂ ਦੇ ਨਾਲ ਜ਼ੂਮ ਐਪ ਅਤੇ ਵੱਟਸਐਪ ‘ਤੇ ਪੜ੍ਹਾਈ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀ ਪੂਰੀ ਦਿਲਚਸਪੀ ਨਾਲ ਆਨ-ਲਾਈਨ ਪੜ੍ਹਾਈ ਕਰ ਰਹੇ ਹਨ ਅਤੇ ਬਹੁਤ ਸਾਰੇ ਸਵਾਲ ਵੱਟਸਐਪ ਜਾਂ ਫੋਨ ਦੇ ਜ਼ਰੀਏ ਪੁੱਛ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਂਵਾਲੀ ਦੇ ਅਧਿਆਪਕ ਹਰਜੀਤ ਕੌਰ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਕੋਲ ਦੂਸਰੀ ਜਮਾਤ ਹੈ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਬੱਚੇ ਉਨ੍ਹਾਂ ਦੇ ਨਾਲ ਨਿੱਤ ਦਿਨ ਪੜ੍ਹਾਈ ਸਬੰਧੀ ਗੱਲਬਾਤਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਭਾਗ ਵੱਲੋਂ ਦਿਲਚਸਪ ਕਵਿਤਾਵਾਂ ਅਤੇ ਹੋਰ ਰੋਚਕ ਸਮੱਗਰੀ ਭੇਜੀ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਅਕ ਸੈਸ਼ਨ ਦੇ ਪਹਿਲੇ ਦਿਨ ਹੀ ਆਨ-ਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਸੀ, ਪਰ ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਕੂਲ ਅਧਿਆਪਕਾਂ ਅਤੇ ਜੂਮ ਐਪ ਰਾਹੀਂ ਬੱਚਿਆਂ ਅਤੇ ਮਾਪਿਆਂ ਨਾਲ ਕੀਤੀਆਂ ਸਿੱਧੀਆਂ ਗੱਲਾਂ-ਬਾਤਾਂ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਹੌਸਲੇ ਹੋਰ ਵਧੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਰੇਡੀਓ ਅਤੇ ਟੀ.ਵੀ ਚੈਨਲਾਂ ਰਾਹੀਂ ਵੀ ਪੜ੍ਹਾਈ ਸ਼ੁਰੂ ਕੀਤੀ ਗਈ ਹੈ, ਜਿੱਥੇ ਸਿੱਖਿਆ ਮਾਹਿਰ ਤੇ ਅਧਿਆਪਕ ਆਪਣੇ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਦਿਲਚਸਪ ਤਰੀਕੇ ਨਾਲ ਸਿੱਖਿਆ ਦੇ ਰਹੇ ਹਨ। ਇਸ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਸੀਨੀਅਰ ਮੀਤ ਪ੍ਰਧਾਨ ਲੈਕਚਰਾਰ ਯੋਗਿਤਾ ਜੋਸ਼ੀ ਅਤੇ ਮੈਂਬਰ ਸੁਖਦੀਪ ਚਹਿਲਾਂਵਾਲੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵਿਖਾਈ ਇਹ ਹੱਲਾਸ਼ੇਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵੱਡੀ ਲਾਹੇਬੰਦ ਸਾਬਿਤ ਹੋਵੇਗੀ।