ਪੰਜਾਬ ਸਰਕਾਰ ਨੇ ਦੈਨਿਕ ਭਾਸਕਰ ‘ਚ ਛਪੀ ਖ਼ਬਰ ਦਾ ਗੰਭੀਰ ਨੋਟਿਸ ਲਿਆ, ਭਰਮਪੂਰਣ, ਅਧਾਰਹੀਣ ਤੇ ਗ਼ੈਰਸੰਜੀਦਾ ਕਰਾਰ

0
101

ਚੰਡੀਗੜ, 7 ਅਸਗਤ (ਸਾਰਾ ਯਹਾ/ਬਿਓਰੋ ਰਿਪੋਰਟ):ਪੰਜਾਬ ਸਰਕਾਰ ਨੇ ਹਿੰਦੀ ਅਖਬਾਰ (ਦੈਨਿਕ ਭਾਸਕਰ) ਵੱਲੋਂ ਦੋ ਤਸਵੀਰਾਂ ਛਾਪ ਕੇ, ਇੱਕ ਦੀ ਲਾਸ਼ ਨੂੰ 12 ਘੰਟੇ ਤੋਂ ਫ਼ਰਸ਼ ‘ਤੇ ਪਈ ਹੋਣ ਅਤੇ ਦੂਸਰੇ ਵਿਅਕਤੀ ਦੇ ਘੰਟਿਆਂਬੱਧੀ ਤੜਫ਼ਦੇ ਰਹਿਣ ਬਾਰੇ ਲਾਈ ਖ਼ਬਰ ਨੂੰ ਭਰਮ ਪੂਰਣ, ਨਿਰ-ਆਧਾਰ ਤੇ ਗ਼ੈਰਸੰਜੀਦਾ ਅਤੇ ਤੱਥਾਂ ਤੋਂ ਰਹਿਤ ਕਰਾਰ ਦਿੰਦਿਆਂ, ਇਸ ਦਾ ਗੰਭੀਰ ਨੋਟਿਸ ਲਿਆ ਹੈ। ਪੰਜਾਬ ਸਰਕਾਰ ਦੇ ਅਧਿਕਾਰਤ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਹ ਬਹੁਤ ਹੀ ਅਫ਼ਸੋਸਨਾਕ ਵਰਤਾਰਾ ਹੈ, ਜੋ ਕਿ ਪੱਤਰਕਾਰਤਾ ਦੇ ਉੱਚ ਆਦਰਸ਼ਾਂ ਅਤੇ ਨੈਤਿਕਤਾ ਦਾ ਘਾਣ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੱਤਰਕਾਰ ਨੇ ਜਿਊਂਦੇ ਵਿਅਕਤੀ ਨੂੰ ਮਰਿਆ ਕਰਾਰ ਦੇ ਕੇ ਅਤੇ ਦੂਸਰੇ ਮਰੀਜ਼ ਬਾਰੇ ਜਮੀਨੀ ਹਕੀਕਤਾਂ ਨੂੰ ਦਰ ਕਿਨਾਰ ਕਰਦਿਆਂ ਗ਼ੈਰ ਸੰਜੀਦਾ ਪੱਤਰਕਾਰਤਾ ਦਾ ਸਬੂਤ ਦਿੱਤਾ ਹੈ, ਜਿਸ ਨਾਲ ਦੋ ਇਨਸਾਨੀ ਜਾਨਾਂ ਤੇ ਉਨਾਂ ਦੇ ਪਰਿਵਾਰਾਂ ਲਈ ਸਮਾਜਿਕ ਤੌਰ ‘ਤੇ ਵੱਡੀ ਮੁਸ਼ਕਿਲ ਅਤੇ ਬੇਚੈਨੀ ਪੈਦਾ ਕਰ ਦਿੱਤੀ ਹੈ।
ਤਸਵੀਰ ਵਿੱਚ ਦਿਖਾਏ ਗਏ ਦੋਵਾਂ ਵਿਅਕਤੀਆਂ ਦੇ ਜਿਊਂਦੇ ਜਾਗਦੇ ਹੋਣ ਦੀ ਪੁਸ਼ਟੀ ਕਰਦਿਆਂ ਕੋਵਿਡ ਕੇਅਰ ਸੈਂਟਰ ਇੰਚਾਰਜ ਅਤੇ ਮੈਡੀਕਲ ਸਿਖਿਆ ਤੇ ਖੋਜ ਦੇ ਵਧੀਕ ਸਕੱਤਰ ਸ੍ਰੀਮਤੀ ਸੁਰਭੀ ਮਲਿਕ ਅਤੇ ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ ਨੇ ਦੱਸਿਆ ਕਿ ਇਨਾਂ ਵਿੱਚੋਂ ਇੱਕ ਬਜ਼ੁਰਗ ਸੁਖਦੇਵ ਸਿੰਘ ਜੋ ਕਿ 7ਵੀਂ ਮੰਜ਼ਿਲ ‘ਤੇ ਸ਼ੱਕੀ ਮਰੀਜ਼ਾਂ ਲਈ ਬਣਾਏ ਵਾਰਡ ‘ਚ ਦਾਖਲ ਸਨ, ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਆਪਣੇ ਘਰ ਠੀਕ-ਠਾਕ ਹਨ, ਜਿਸਦੀ ਪੁਸ਼ਟੀ ਉਸ  ਦੇ ਪੁੱਤਰ ਲਾਭ ਸਿੰਘ ਨੇ ਵੀ ਕੀਤੀ ਹੈ। ਉਨਾਂ ਕਿਹਾ ਕਿ ਮਰੀਜ਼ ਦੇ ਕਮਜ਼ੋਰੀ ਜਾਂ ਕਿਸੇ ਹੋਰ ਕਾਰਨ ਡਿੱਗਣ ਦੀ ਘਟਨਾਂ ਨੂੰ ਘੋਖਣ ਤੋਂ ਬਿਨਾਂ ਹੀ ਉਛਾਲ ਦੇਣਾ ਮਿਆਰੀ ਪੱਤਰਕਾਰਤਾ ਦਾ ਹਿੱਸਾ ਨਹੀਂ ਕਿਹਾ ਜਾ ਸਕਦਾ।


ਦੂਸਰੇ ਮਰੀਜ਼ ਕਿਰਨਦੀਪ ਕੌਰ, ਜਿਸ ਨੂੰ ਕਿ ਫੋਟੋ ਵਿੱਚ ਰਣਜੀਤ ਕੌਰ ਦੱਸਕੇ ਉਸਦੀ ਲਾਸ਼ 12 ਘੰਟੇ ਫਰਸ਼ ‘ਤੇ ਪਈ ਰਹਿਣ ਦਾ ਦਾਅਵਾ ਕੀਤਾ ਗਿਆ ਹੈ, ਬਾਰੇ ਜਾਣਕਾਰੀ ਦਿੰਦਿਆਂ ਐਮ.ਐਸ. ਡਾ. ਪਾਂਡਵ ਨੇ ਦੱਸਿਆ ਕਿ ਇਹ ਮਹਿਲਾ ਮਿਰਗੀ ਦੇ ਦੌਰਿਆਂ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਹੁਣ ਐਮਰਜੈਂਸੀ ਦੇ ਮੈਡੀਸਨ ਵਾਰਡ ‘ਚ ਇਲਾਜ ਅਧੀਨ ਹੈ।
ਇਸ ਮਹਿਲਾ ਦੇ ਪਤੀ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਬੁਖਾਰ ਰਹਿਣ ਕਾਰਨ ਇੱਥੇ ਲਿਆਂਦਾ ਸੀ, ਜਿੱਥੇ ਉਸ ਨੂੰ ਕੋਰੋਨਾ ਸ਼ੱਕੀ ਮਰੀਜ਼ਾਂ ਦੇ ਵਾਰਡ ‘ਚ ਰੱਖਣ ਬਾਅਦ ਟੈਸਟ ਨੈਗੇਟਿਵ ਆਉਣ ‘ਤੇ ਇੱਥੇ ਤਬਦੀਲ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਉਸਦੀ ਪਤਨੀ ਦਿਨੋ-ਦਿਨ ਸਿਹਤਯਾਬ ਹੋ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਦੌਰੇ ਜਾਂ ਹੋਰ ਕਾਰਨ ਕੋਵਿਡ ਸ਼ੱਕੀ ਵਾਰਡ ‘ਚ ਉਸ ਦੀ ਪਤਨੀ ਅਚਾਨਕ ਬਿਸਤਰੇ ਤੋਂ ਡਿੱਗੀ ਹੋਵੇ ਪਰ ਜਿਸ ਤਰਾਂ ਅਖਬਾਰ ‘ਚ ਇਸ ਨੂੰ ਲਾਸ਼ ਲਿਖਿਆ ਗਿਆ ਹੈ, ਉਹ ਬਿਲਕੁਲ ਗ਼ਲਤ ਹੈ।
ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਮਰੀਜ਼ ਦੇ ਡਿੱਗਣ ਦੀ ਘਟਨਾਂ ਨੂੰ ਸਨਸਨੀਖੇਜ਼ ਬਣਾਉਂਦੇ ਹੋਏ ਲਾਸ਼ ਨਾਲ ਤੁਲਨਾ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ। ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਕਿਹਾ ਕਿ ਪੱਤਰਕਾਰੀ ਦਾ ਕਿੱਤਾ ਬਹੁਤ ਹੀ ਜ਼ਿੰੰਮੇਂਵਾਰੀ ਵਾਲਾ ਹੁੰਦਾ ਹੈ, ਇਸ ਨੂੰ ਇਸ ਤਰਾਂ ਸਨਸਨੀ ਭਰਪੂਰ ਬਣਾਉਣ ਬਹੁਤ ਹੀ ਅਫ਼ਸੋਸਨਾਕ ਵਰਤਾਰਾ ਹੈ। ਉਨਾਂ ਕਿਹਾ ਕਿ ਪੱਤਰਕਾਰ ਦਾ ਫ਼ਰਜ਼ ਬਣਦਾ ਸੀ ਕਿ ਕਿਸੇ ਜੀਵਿਤ ਵਿਅਕਤੀ ਨੂੰ ਮੁਰਦਾ ਕਹਿ ਕੇ ਖਬਰ ਜਾਂ ਤਸਵੀਰ ਛਾਪਣ ਤੋਂ ਪਹਿਲਾਂ ਉਸ ਦੇ ਪਰਿਵਾਰ ਕੋਲੋਂ ਵੀ ਪੁਸ਼ਟੀ ਕਰ ਲਈ ਜਾਂਦੀ।
ਉਨਾਂ ਨੇ ਇਨਾਂ ਫ਼ਰਸ਼ ‘ਤੇ ਡਿੱਗੇ ਮਰੀਜ਼ਾਂ ਦੀਆਂ ਤਸਵੀਰਾਂ ਖਿੱਚਣ ਵਾਲਿਆਂ ਦੀ ਤੰਗ ਮਾਨਸਿਕਤਾ ‘ਤੇ ਸੁਆਲ ਕਰਦਿਆਂ ਕਿਹਾ ਕਿ ਕਿਸੇ ਬਿਮਾਰ ਵਿਅਕਤੀ ਨੂੰ ਸੰਭਾਲਣ ਦੀ ਬਜਾਏ, ਉਸ ਦੀਆਂ ਤਸਵੀਰਾਂ ਖਿੱਚ ਕੇ ਸਨਸਨੀ ਫੈਲਾਉਣ ਤੋਂ ਵੱਡਾ ਮਾਨਵੀ ਸੰਵੇਦਨਾ ਤੋਂ ਰਹਿਤ ਕੋਈ ਜੁਰਮ ਨਹੀਂ ਹੋ ਸਕਦਾ।
ਮੈਡੀਕਲ ਸੁਪਰਡੈਂਟ ਦਾ ਕਹਿਣਾ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਇੱਕੋ-ਇੱਕ ਅਜਿਹਾ ਹਸਪਤਾਲ ਹੈ ਜੋ ਪੰਜਾਬ ਦੇ ਨਾਲ-ਨਾਲ ਹਰਿਆਣਾ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਵੀ ਸੰਭਾਲ ਰਿਹਾ ਹੈ। ਉਨਾਂ ਕਿਹਾ ਕਿ ਦੌਰੇ ਵਾਲਾ ਮਰੀਜ਼ ਬੇਹੋਸ਼ ਹੋ ਕੇ ਗਿਰਨ ਦੇ ਮਾਮਲੇ ਨੂੰ ਮਿ੍ਰਤਕ ਨਾਲ ਤੁਲਨਾ ਕਰਨਾ ਸਭ ਤੋਂ ਵੱਡਾ ਅਪਰਾਧ ਹੈ, ਜਿਸ ਲਈ ਬਣਦੀ ਕਾਨੂੰਨੀ ਕਾਰਵਾਈ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਮੁੱਚੇ ਮਾਮਲੇ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਫ਼ਵਾਹਾਂ ਨਾ ਫੈਲਾਉਣ ਦੀਆਂ ਅਪੀਲਾਂ ਦੀ ਜੇਕਰ ਸਮਾਜ ਦੇ ਜ਼ਿੰਮੇਂਵਾਰ ਸਮਝੇ ਜਾਂਦੇ ਇੱਕ ਵਰਗ ਨਾਲ ਸਬੰਧਤ ਕਰਮੀ ਵੱਲੋਂ ਹੀ ਉਲੰਘਣਾ ਕਰਕੇ, ਅਫ਼ਵਾਹਾਂ ਨੂੰ ਤੂਲ ਦੇਣ ਦੀ ਹਰਕਤ ਕੀਤੀ ਜਾਵੇਗੀ ਤਾਂ ਅਸੀਂ ਸਮਾਜ ਦੇ ਬਾਕੀ ਲੋਕਾਂ ਨੂੰ ਕੀ ਸੁਨੇਹਾ ਦੇਵਾਂਗੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਸਬੰਧੀ ਬਣਦੀ ਕਾਰਵਾਈ ਕਰੇਗਾ ਤਾਂ ਜੋ ਲੋਕਾਂ ਵਿੱਚ ਸਹਿਮ ਦੇ ਹਾਲਾਤ ਬਣਨ ਤੋਂ ਰੋਕੇ ਜਾ ਸਕਣ। ਉਨਾਂ ਕਿਹਾ ਕਿ ਉਹ ਖੁਦ ਰੋਜ਼ਾਨਾ ਕੋਵਿਡ ਮਰੀਜ਼ਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹਨ ਅਤੇ ਰਾਜਿੰਦਰਾ ਹਸਪਤਾਲ ਦਾ ਦੌਰਾ ਵੀ ਕਰਦੇ ਹਨ। ਉਨਾਂ ਕਿਹਾ ਕਿ ਕੋਵਿਡ ਦੇ ਇਸ ਮਾਹੌਲ ‘ਚ ਕਿਸੇ ਸਿਹਤ ਸੰਸਥਾ ਨੂੰ ਇਸ ਤਰਾਂ ਬਦਨਾਮ ਕਰਨਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੈ।    
——–

LEAVE A REPLY

Please enter your comment!
Please enter your name here