*ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ*

0
21

ਬਰਨਾਲਾ, 24 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)

ਜਿਲ੍ਹਾ ਟੂਰਨਾਮੈਂਟ ਕਮੇਟੀ ਬਰਨਾਲਾ ਵੱਲੋਂ 67ਵੀਆਂ ਪੰਜਾਬ ਰਾਜ ਅੰਤ਼ਰ ਜਿਲ੍ਹਾ ਸਕੂਲ ਖੇਡਾਂ ਸੈਸ਼ਨ 2023–24 ਦੌਰਾਨ ਪ੍ਰਾਪਤੀਆਂ ਕਰਨ ਵਾਲੇ ਜਿਲ੍ਹੇ ਦੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਵਾਈ.ਐਸ. ਸਕੂਲ ਹੰਡਿਆਇਆ ਵਿਖੇ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਖਿਡਾਰੀਆਂ ਦਾ ਸਨਮਾਨ ਕਰਨ ਦੀ ਰਸਮ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮੈਡਮ ਪਦਮਨੀ ਨੇ ਨਿਭਾਈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮੈਡਮ ਪਦਮਨੀ ਨੇ ਸੂਬਾ ਪੱਧਰੀ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿੱਥੇ ਖੇਡਾਂ ਵਿਅਕਤੀ ਦਾ ਸਰੀਰਕ ਵਿਕਾਸ ਕਰਦੀਆਂ ਹਨ ਉੱਥੇ ਨਾਲ ਹੀ ਉਸ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਅਤੇ ਸਮਾਜਿਕ ਤੌਰ ‘ਤੇ ਚੇਤੰਨ ਵੀ ਬਣਾਉਣੀਆਂ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਸਖਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਮਿਲੇ ਮੌਕਿਆਂ ਰਾਹੀਂ ਵਿਅਕਤੀ ਦੀ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਸਮਾਜ ਵਿੱਚ ਉਸ ਦੀ ਵਿਲੱਖਣ ਪਛਾਣ ਬਣਦੀ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਜਿਲ੍ਹੇ ਦੀਆਂ ਖੇਡ ਪ੍ਰਾਪਤੀਆਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਸੈਸ਼ਨ 2023–24 ਦੌਰਾਨ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਦੇ ਖਿਡਾਰੀਆਂ ਨੇ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਕੁੱਲ 213 ਮੈਡਲ ਜਿੱਤ ਕੇ ਆਪਣੇ ਅਧਿਆਪਕਾਂ, ਮਾਤਾ–ਪਿਤਾ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਅਜਿੰਤਾ ਦਹੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਜੀਵਨ ਦੀਆਂ ਕਠਿਨਾਈਆਂ ਵਿੱਚ ਵਿਅਕਤੀ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦਿਆਂ ਹਨ। ਇਸ ਲਈ ਹਰੇਕ ਵਿਅਕਤੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਮੰਚ ਸੰਚਾਲਨ ਦੀ ਜਿੰਮੇਵਾਰੀ ਡੀ.ਪੀ.ਈ. ਹਰਜੀਤ ਸਿੰਘ ਜੋਗਾ ਵੱਲੋ ਨਿਭਾਈ ਗਈ। ਇਸ ਮੌਕੇ ਪ੍ਰਿੰਸੀਪਲ ਨੀਰਜਾ, ਪ੍ਰਿੰਸੀਪਲ ਨਿਦਾ ਅਲਤਾਫ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਸਚਿਨ ਗੁਪਤਾ, ਮੱਲ ਸਿੰਘ, ਮਲਕੀਤ ਸਿੰਘ ਭੁੱਲਰ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਲਵਲੀਨ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਜਤਿੰਦਰਜੀਤ ਸਿੰਘ ਸਮੇਤ ਸਮੂਹ ਜਿਲ੍ਹਾ ਟੂਰਨਾਮੈਂਟ ਕਮੇਟੀ, ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ। 

LEAVE A REPLY

Please enter your comment!
Please enter your name here