ਮਾਨਸਾ ,10 ਜੂਨ (ਸਾਰਾ ਯਹਾ/ ਬਪਸ): ਦਿਹਾਤੀ ਮਜਦੂਰ ਸਭਾ ਪੰਜਾਬ ਦੀ ਅਗਵਾਈ ਵਿਚ ਸੈਂਕੜੇ ਔਰਤਾਂ ਤੇ ਮਰਦਾਂ ਵੱਲੋਂ ਨਗਰ ਪੰਚਾਇਤ ਦਫਤਰ ਸਰਦੂਲਗੜ੍ਹ ਅੱਗੇ ਰੋਸ਼ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਆਤਮਾ ਰਾਮ, ਆਰ ਐਮ ਪੀ ਆਈ ਦੇ ਜਿਲਾ ਸਕੱਤਰ ਲਾਲ ਚੰਦ , ਜਮਹੂਰੀ ਕਿਸਾਨ ਸਭਾ ਦੇ ਗੁਰਦੇਵ ਲੋਹਗੜ ਆਦਿ ਨੇ ਬੋਲਦਿਆ ਕਿਹਾ ਕਿ ਸਰਦੂਲਗੜ ਸਹਿਰ ਦੇ ਲੋੜਬੰਦ ਗਰੀਬ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਉਸਾਰੀ ਲਈ ਆਈਆਂ ਗਰਾਂਟਾ ਖੁਰਦ ਬੁਰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮਨਜੂਰ ਹੋਏ ਮਕਾਨਾ ਦੀ ਗਰਾਂਟ ਆਨੇ-ਬਹਾਨੇ ਰੱਦ ਕਰਨ ਦੀ ਬਜਾਏ ਜਲਦੀ ਮਕਾਨਾਂ ਦੀ ਉਸਾਰੀ ਕਰਵਾਈ ਜਾਵੇ ਅਤੇ ਨਗਰ ਪੰਚਾਇਤ ਦਫਤਰ ਸਟਾਫ ਵੱਲੋਂ ਆਮ ਲੋਕਾਂ ਖਾਸ ਕਰਕੇ ਕਿਰਤੀ ਪਰਿਵਾਰਾਂ ਨਾਲ ਦੁਰਵਿਵਹਾਰ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਪ੍ਰਾਈਵੇਟ ਫਾਈਂਨੈਂਸ ਕੰਪਨੀਆਂ ਵੱਲੋਂ ਸ਼ਹਿਰ ਜਾਂ ਵੱਖ-ਵੱਖ ਪਿੰਡਾਂ ਦੀਆਂ ਅੌਰਤਾਂ ਨੂੰ ਲੋਨ ਦਿੱਤਾ ਹੋਇਆਂ ਹੈ। ਜਿਸ ਦੀਆਂ ਪ੍ਰਾਈਵੇਟ ਫਾਈਂਨੈਂਸ ਕੰਪਨੀਆਂ ਵੱਲੋਂ ਜਬਰੀ ਕਿਸਤਾਂ ਦੀ ਵਸੂਲੀ ਕੀਤੀ ਜਾ ਰਹੀ ਹੈ ਤੇ ਕੰਪਨੀ ਕਰਿੰਦਿਆਂ ਵੱਲੋਂ ਕਿਸ਼ਤਾਂ ਨਾ ਭਰਨ ਵਾਲੀਆਂ ਔਰਤਾਂ ਨੂੰ ਬੁਰਾ ਭਲਾ ਕਿਹਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਰਿਜਰਵ ਬੈਂਕ ਆਫ ਇੰਡੀਆ ਵੱਲੋਂ ਬੈਂਕਾਂ ਨੂੰ ਜਾਰੀ ਹਿਦਾਇਤਾਂ ਅਨੁਸਾਰ 31 ਅਗਸਤ 2020 ਤੱਕ ਕਿਸੇ ਵੀ ਕਰਜੇ ਦੀ ਕਿਸਤ ਨਾ ਮੰਗੀ ਜਾਵੇ ਪਰ ਫਾਈਨੈਂਸ ਕੰਪਨੀ ਦੇ ਕਰਿੰਦੇ ਜਬਰੀ ਵਸੂਲੀ ਕਰ ਰਹੇ ਹਨ।ਜਿੰਨ੍ਹਾਂ ਨੂੰ ਤੁਰੰਤ ਰੋਕਣ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੈ ਕਿ ਰਿਜਰਵ ਬੈਂਕ ਆਫ ਇੰਡੀਆ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਬਲਾਰਿਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੁਸ਼ਕਲਾਂ ਦਾ ਹੱਲ ਨਾ ਹੋਇਆਂ ਤਾਂ ਕਿਰਤੀਆਂ ਵੱਲੋ ਜਥੇਬੰਦਕ ਹੋਕੇ ਤਿੱਖਾ ਸੰਘਰਸ ਕੀਤਾ ਜਾਵੇਗਾ। ਇਸ ਮੋਕੇ ਰਣਬੀਰ ਜੈਨ , ਮਨਜੀਤ ਕੌਰ , ਤੇਜ ਕੋਰ , ਪ੍ਰਮਜੀਤ ਕੌਰ ਲੋਹਗੜ ਛਿੰਦਰ ਕੌਰ ਨੇ ਸੰਬੋਧਨ ਕੀਤਾ।
ਕੈਪਸ਼ਨ: ਨਗਰ ਪੰਚਾਇਤ ਸਰਦੂਲਗੜ੍ਹ ਦੇ ਦਫ਼ਤਰ ਵਿਖੇ ਧਰਨਾ ਦਿੰਦੇ ਹੋਏ ਕਿਰਤੀ ਲੋਕ।