*ਪਾਲਣਾ ਨਾ ਕਰਨ ਦੀ ਸੂਰਤ ਵਿੱਚ ਰੈਗੂਲੇਟਰ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ ਕਾਰਵਾਈ*

0
43

ਚੰਡੀਗੜ੍ਹ, 20 ਅਕਤੂਬਰ: (ਸਾਰਾ ਯਹਾਂ/ਹਿਤੇਸ਼ ਸ਼ਰਮਾ)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਤਹਿਤ ‘ਡਿਜ਼ੀਟਲ ਪੰਜਾਬ’ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਸੂਬੇ ਵਿੱਚ ਰੀਨਿਊਏਬਲ ਪਰਚੇਜ਼ ਓਬਲੀਗੇਸ਼ਨ (ਆਰ.ਪੀ.ਓ.) ਦੀ ਨਿਗਰਾਨੀ ਲਈ ਇੱਕ ਵੈੱਬ ਪੋਰਟਲ ਲਾਂਚ ਕੀਤਾ ਹੈ।
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸਾਰੀਆਂ ਸਬੰਧਤ ਇਕਾਈਆਂ (ਓਬਲੀਗੇਟਿਡ ਐਂਟਟੀਜ਼) ਜਿਵੇਂ ਡਿਸਟ੍ਰੀਬਿਊਸ਼ਨ ਕੰਪਨੀਆਂ (ਡਿਸਕਾਮ), ਕੈਪਟਿਵ ਪਾਵਰ ਪਲਾਂਟਜ਼ (ਸੀ.ਪੀ.ਪੀ.) ਅਤੇ ਓਪਨ ਐਕਸੈਸ (ਓ.ਏ.) ਖਪਤਕਾਰਾਂ ਲਈ rpo.peda.gov.in ਉਤੇ ਰਜਿਸਟਰ ਕਰਨਾ ਅਤੇ ਆਰ.ਪੀ.ਓ. ਦੀ ਪਾਲਣਾ ਸਬੰਧੀ ਡੇਟਾ ਪੇਸ਼ ਕਰਨਾ ਲਾਜ਼ਮੀ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਆਰ.ਪੀ.ਓ. ਪੋਰਟਲ ਨੂੰ ਓਬਲੀਗੇਟਿਡ ਐਂਟਟੀਜ਼ ਬਾਰੇ ਜਾਣਕਾਰੀ ਦੇ ਇੱਕ ਵਿਵਸਥਿਤ ਡੇਟਾਬੇਸ ਵਜੋਂ ਵਿਕਸਤ ਕੀਤਾ ਗਿਆ ਹੈ ਜੋ ਇਹ ਦਰਸਾਏਗਾ ਕਿ ਕੀ ਆਰ.ਪੀ.ਓ. ਟੀਚਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ ਅਤੇ ਇਸ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਰਵਾਈ ਲਈ ਰੈਗੂਲੇਟਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਪੇਡਾ ਦੇ ਸੀ.ਈ.ਓ.  ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਖੇਤਰ ਦੇ ਵਿਸਤਾਰ ਨਾਲ ਅਜਿਹੀਆਂ ਇਕਾਈਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਆਰ.ਪੀ.ਓ. ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਪਾਬੰਦ ਹਨ।
ਹੁਣ ਉਪਭੋਗਤਾ ਰਵਾਇਤੀ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਪਲਾਂਟਾਂ ਅਤੇ ਪ੍ਰਾਪਤ ਕੀਤੀ ਊਰਜਾ ਦੀ ਖਪਤ ਸਬੰਧੀ ਡੇਟਾ ਦਰਜ ਕਰ ਸਕਦੇ ਹਨ, ਸਬੰਧਿਤ ਦਸਤਾਵੇਜ਼ਾਂ ਨੂੰ ਅਪਲੋਡ ਕਰ ਸਕਦੇ ਹਨ ਅਤੇ ਰਿਪੋਰਟ ਜਮ੍ਹਾਂ ਕਰ ਸਕਦੇ ਹਨ।ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਵੈੱਬ ਪੋਰਟਲ ਨਾਲ ਜ਼ਰੂਰੀ ਡਾਟਾ ਇਕੱਤਰ ਕਰਨ, ਭਾਈਵਾਲਾਂ ਦਰਮਿਆਨ ਸੰਚਾਰ, ਟੀਚੇ ਨਿਰਧਾਰਤ ਕਰਨ ਅਤੇ ਸਮੇਂ-ਸਮੇਂ ‘ਤੇ ਰਿਪੋਰਟਾਂ ਤਿਆਰ ਕਰਨ ਵਿੱਚ ਵੀ ਲਾਹੇਵੰਦ ਹੋਵੇਗਾ। ਇਹ ਪੋਰਟਲ ਆਰ.ਪੀ.ਓ. ਪਾਲਣਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਵਧਾਏਗਾ।
ਸੀ.ਈ.ਓ. ਨੇ ਕਿਹਾ ਕਿ ਵੈਬ ਪੋਰਟਲ ਉਪਭੋਗਤਾ ਪ੍ਰਮਾਣੀਕਰਣ ‘ਤੇ ਆਧਾਰਤ ਹੋਵੇਗਾ ਅਤੇ ਪੋਰਟਲ ‘ਤੇ ਪਹਿਲਾਂ ਤੋਂ ਹੀ ਅਧਿਕਾਰਤ ਪ੍ਰਵਾਨਗੀਆਂ ਲਈ ਪ੍ਰਵਾਨਗੀ ਦੇਣ ਵਾਲਿਆਂ ਦੀ ਇੱਕ ਡਾਇਰੈਕਟਰੀ ਵੀ ਹੋਵੇਗੀ।

LEAVE A REPLY

Please enter your comment!
Please enter your name here