*ਜ਼ਿਲ੍ਹਾ ਮਾਨਸਾ ਮੈਜਿਸਟ੍ਰੇਟ ਵੱਲੋਂ ਨਵੇਂ ਹੁਕਮ ਜਾਰੀ*

0
261

ਮਾਨਸਾ, 16 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਸਰਕਾਰ ਤੋਂ ਪ੍ਰਾਪਤ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜਿ਼ਲ੍ਹਾ ਮੈਜਿਸਟਰੇਟ ਸ਼੍ਰੀ ਮਹਿੰਦਰ ਪਾਲ ਨੇ ਜਿ਼ਲ੍ਹਾ ਮਾਨਸਾ ਵਿੱਚ ਕੋਵਿਡ ਸਬੰਧੀ ਰੋਕਾਂ ਵਿਚ ਕੁਝ ਹੋਰ ਢਿੱਲ ਦੇਣ ਸਬੰਧੀ 30 ਸਤੰਬਰ 2021 ਤੱਕ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਜਿ਼ਲ੍ਹੇ ਅੰਦਰ ਉਹੀ ਯਾਤਰੀ ਦਾਖਲ ਹੋ ਸਕਣਗੇ, ਜ਼ਿਨ੍ਹਾਂ ਦੇ ਕੋਰੋਨਾ ਤੋਂ ਬਚਾਅ ਵਾਲੇ ਦੋਵੇਂ ਟੀਕੇ, ਕੋਵਿਡ ਰਿਕਵਰਡ ਜਾਂ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੋਵੇਗੀ। ਜੇਕਰ ਕਿਸੇ ਯਾਤਰੀ ਕੋਲ ਇਨ੍ਹਾਂ ਦੋਵਾਂ ਵਿੱਚੋਂ ਕੁਝ ਵੀ ਨਹੀਂ ਤਾਂ ਆਰ.ਏ.ਟੀ. ਟੈਸਟਿੰਗ ਕਰਵਾਈ ਜਾਣੀ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਜੋ ਯਾਤਰੀ ਹਵਾਈ ਸਫ਼ਰ ਕਰ ਕੇ ਆਏ ਹਨ, ਉਨ੍ਹਾਂ ਲਈ ਜਿ਼ਲ੍ਹੇ `ਚ ਦਾਖਲਾ ਹੋਣ ਲਈ ਪੂਰੀ ਵੈਕਸੀਨੇਸ਼ਨ ਜਾਂ ਕੋਵਿਡ ਰਿਕਵਰਡ ਜਾਂ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਜਿ਼ਲ੍ਹਾ ਮੈਜਿਸਟ੍ਰੇਟ ਨੇ ਹੁਕਮ ਵਿੱਚ ਕਿਹਾ ਕਿ ਇਸ ਦੇ ਨਾਲ ਹੀ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਵਿਅਕਤੀ ਜਦਕਿ ਬਾਹਰੀ ਇਕੱਠਾਂ ਲਈ 300 ਕਰ ਦਿੱਤੀ ਗਈ ਹੈ, ਪਰ ਸਮਰੱਥਾ ਦੀ ਉਪਰਲੀ ਹੱਦ 50 ਫੀਸਦੀ ਤੱਕ ਰੱਖਣ ਦੀ ਸ਼ਰਤ ਹੋਵੇਗੀ।ਉਨ੍ਹਾਂ ਕਿਹਾ ਕਿ ਕਲਾਕਾਰ ਅਤੇ ਸਾਜੀ ਹਰ ਥਾਂ ਆਪਣੇ ਸਮਾਗਮ ਜਾਂ ਜਸ਼ਨ ਕਰ ਸਕਦੇ ਹਨ ਪਰ ਕੋਵਿਡ-ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਉਨ੍ਹਾਂ ਹੁਕਮ ਦਿੰਦਿਆਂ ਕਿਹਾ ਕਿ ਤਿਓਹਾਰਾਂ ਦਾ ਆਯੋਜਨ ਕਰਨ ਵਾਲੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਜੋ ਵੀ ਸਟਾਫ਼ ਮੌਕੇ `ਤੇ ਮੌਜੂਦ ਹੋਵੇ, ਉਨ੍ਹਾਂ ਦਾ ਕੋਵਿਡ ਦਾ ਟੀਕਾਕਰਨ ਜ਼ਰੂਰ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਟੀਕੇ ਦੀ ਇੱਕ ਡੋਜ਼ 4 ਹਫ਼ਤੇ ਪਹਿਲਾਂ ਲੱਗੀ ਹੋਣੀ ਜ਼ਰੂਰੀ ਹੈ।ਇਸ ਤੋਂ ਇਲਾਵਾ ਇਸ ਦੌਰਾਨ 300 ਵਿਅਕਤੀਆਂ ਤੋਂ ਜਿ਼ਆਦਾ ਦੀ ਭੀੜ ਨਹੀਂ ਹੋਣੀ ਚਾਹੀਦੀ ਅਤੇ ਕੋਵਿਡ-19 ਸਬੰਧੀ ਹਦਾਇਤਾਂ ਦਾ ਪਾਲਣ ਜ਼ਰੂਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ ਹਰੇਕ ਤਰ੍ਹਾਂ ਦੇ ਇੱਕਠ `ਤੇ ਲਾਗੂ ਹੋਣਗੇ ਚਾਹੇ ਉਹ ਰਾਜਨੀਤਿਕ ਰੈਲੀਆਂ ਜਾਂ ਮੀਟਿੰਗਾਂ ਹੋਣ।  ਉਨ੍ਹਾਂ ਕਿਹਾ ਕਿ ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾਸ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਕੰਪਲੈਕਸ, ਜਿਮ, ਮਾਲਜ਼, ਅਜਾਇਬ ਘਰ, ਚਿੜੀਆਘਰ ਆਦਿ 50 ਫੀਸਦੀ ਸਮਰੱਥਾ ਅਨੁਸਾਰ ਚਲਾਏ ਜਾ ਸਕਣਗੇ ਪਰ ਹਰੇਕ ਸਟਾਫ਼ ਮੈਂਬਰ ਦੇ ਕੋਵਿਡ ਟੀਕਾਕਰਨ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਦੇ ਕੋਵਿਡ ਟੀਕੇ ਦੀ ਘੱਟੋ-ਘੱਟ ਇੱਕ ਡੋਜ਼ 4 ਹਫ਼ਤੇ ਪਹਿਲਾਂ ਦੀ ਲੱਗੀ ਹੋਣੀ ਜਰ਼ਰੀ ਹੈ।ਉਨ੍ਹਾਂ ਕਿਹਾ ਕਿ ਸਾਰੇ ਸਵੀਮਿੰਗ ਪੂਲਜ਼, ਖੇਡ ਅਤੇ ਜਿਮ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਪ੍ਰਵਾਨਗੀ ਦੇਣਗੀਆਂ ਅਤੇ ਉਨ੍ਹਾਂ ਦੇ ਘੱਟੋ-ਘੱਟ ਇੱਕ ਵੈਕਸੀਨ ਦੀ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਇਨ੍ਹਾਂ ਥਾਵਾਂ ’ਤੇ ਕੋਵਿਡ-19 ਦੀਆਂ ਸਿਹਤ ਸਾਵਧਾਨੀਆਂ ਦੀ ਵਰਤੋਂ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ ਬਸ਼ਰਤੇ ਸਕੂਲ ਦਾ ਟੀਚਿੰਗ, ਨਾਨ ਟੀਚਿੰਗ ਸਟਾਫ਼, ਜੋ ਸਕੂਲ ਵਿੱਚ ਆਏਗਾ, ਉਨ੍ਹਾਂ ਦੇ ਪੂਰੀ ਵੈਕਸੀਨੇਸ਼ਨ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਟੀਕੇ ਦੀ ਇੱਕ ਡੋਜ਼ 4 ਹਫ਼ਤੇ ਪਹਿਲਾਂ ਲੱਗੀ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਹਿ-ਰੋਗ ਬਿਮਾਰੀ ਹੈ ਉਨ੍ਹਾਂ ਦੇ ਕੋਵਿਡ ਦੀਆਂ ਦੋਵੇਂ ਖੁ਼ਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਟਾਫ਼ ਦੇ ਸਿਰਫ਼ ਇੱਕ ਹੀ ਡੋਜ਼ ਲੱਗੀ ਹੋਈ ਹੈ ਉਹ ਆਪਣਾ ਰੈਗੁਲਰ ਟੈਸਟ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਆਨ-ਲਾਈਨ ਪੜ੍ਹਾਈ ਦੀ ਉਪਲੱਬਧਤਾ ਵੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਜਿ਼ਟੀਵਿਟੀ 0.2 ਫੀਸਦੀ ਤੋਂ ਵੱਧ ਆਉਂਦੀ ਹੈ ਤਾਂ ਚੌਥੀ ਜਮਾਤ ਅਤੇ ਉਸ ਤੋਂ ਹੇਠਲੀਆਂ ਜਮਾਤਾਂ ਨੂੰ ਬੰਦ ਕੀਤਾ ਜਾਵੇ ਜਦੋਂ ਤੱਕ ਹਾਲਾਤ ਕਾਬੂ ਹੇਠ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਜ਼ਰੂਰ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕਾਲਜ, ਕੋਚਿੰਗ ਸੈਂਟਰ ਅਤੇ ਸਾਰੇ ਉੱਚੇਰੀ ਸਿੱਖਿਆ ਦੇ ਅਦਾਰੇ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ, ਬਸ਼ਰਤੇ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਜੋ ਵਿਦਿਆਰਥੀ ਮੌਜੂਦ ਹੋਣਗੇ, ਉਨ੍ਹਾਂ ਦੇ ਪੂਰੀ ਵੈਕਸੀਨੇਸ਼ਨ ਜਾਂ 4 ਹਫ਼ਤੇ ਪਹਿਲਾਂ ਕੋਵਿਡ ਦੀ ਇੱਕ ਡੋਜ਼ ਲੱਗੀ ਹੋਣੀ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਹਿ-ਰੋਗ ਬਿਮਾਰੀ ਹੈ ਉਨ੍ਹਾਂ ਦੇ ਕੋਵਿਡ ਦੀਆਂ ਦੋਵੇਂ ਖੁ਼ਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਆਨ-ਲਾਈਨ ਪੜ੍ਹਾਈ ਦੀ ਉਪਲੱਬਧਤਾ ਵੀ ਜ਼ਰੂਰ ਹੋਣੀ ਚਾਹੀਦੀ ਹੈ। ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਾਲਜਾਂ, ਕੋਚਿੰਗ ਸੈਂਟਰਾਂ, ਉੱਚ ਵਿੱਦਿਅਕ ਅਦਾਰਿਆਂ ਅਤੇ ਸਕੂਲਾਂ ਵਿੱਚ ਵੈਕਸੀਨੇਸ਼ਨ ਦੇ ਸਪੈਸ਼ਲ ਕੈਂਪ ਲਗਾਏ ਜਾਣ ਅਤੇ ਇਸ ਮਹੀਨੇ ਦੇ ਅੰਦਰ ਸਾਰਿਆਂ ਨੂੰ ਘੱਟੋ-ਘੱਟ ਕੋਵਿਡ ਤੋਂ ਬਚਾਅ ਦੀ ਪਹਿਲੀ ਡੋਜ਼ ਜ਼ਰੂਰ ਲਗਵਾਈ ਜਾਵੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਦੂਜੀ ਡੋਜ਼ ਬਕਾਇਆ ਹੈ ਉਹ ਵੀ ਦੂਜੀ ਡੋਜ਼ ਲਗਵਾ ਲੈਣ।ਉਨ੍ਹਾਂ ਕਿਹਾ ਕਿ ਹੋਟਲਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਖੁਲੱਣ ਦੀ ਇਜਾਜ਼ਤ ਹੋਵੇਗੀ।  ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਨਿਰਧਾਰਿਤ ਸਮਾਜਿਕ ਦੂਰੀ, ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਜਿਵੇਂ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਨੂੰ ਜ਼ੁਰਮਾਨਾ ਕਰਨਾ ਯਕੀਨੀ ਬਣਾਉਣਗੇ।ਉਨ੍ਹਾਂ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਹਦਾਇਤਾਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕਿਆਂ ਵਿੱਚ ਲਾਗੂ ਕਰਵਾਉਣਾ ਯਕੀਨੀ ਬਣਾਉਣਗੇ।    I/250036/2021

LEAVE A REPLY

Please enter your comment!
Please enter your name here