*ਚੀਨ ‘ਚੋਂ ਉੱਠੀ ਫਿਰ ਕੋਰੋਨਾ ਲਹਿਰ! ਸ਼ੰਘਾਈ ‘ਚ ਵਿਗੜੇ ਹਾਲਾਤ, ਕੋਰੋਨਾ ਕੇਸਾਂ ਨੇ ਬਣਾਇਆ ਨਵਾਂ ਰਿਕਾਰਡ*

0
86

ਸ਼ੰਘਾਈ 17,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਚੀਨ ਦੀ ਆਰਥਿਕ ਰਾਜਧਾਨੀ ਤੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ੰਘਾਈ ‘ਚ ਕੋਰੋਨਾ ਲਗਾਤਾਰ ਵਧ ਰਿਹਾ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ (NHC) ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਕੁੱਲ 24,680 ਨਵੇਂ ਕੇਸਾਂ ਵਿੱਚੋਂ ਇਕੱਲੇ ਸੰਘਾਈ ‘ਚ 23,500 ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 2.5 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਸ਼ੰਘਾਈ ‘ਚ ਤਿੰਨ ਹਫ਼ਤਿਆਂ ਦਾ ਲੌਕਡਾਊਨ ਹੈ। ਉੱਤਰ-ਪੱਛਮੀ ਚੀਨ ਦੇ ਜਿਆਨ ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਬਗੈਰ ਕਾਰਨ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਝੇਂਗਝਾਓ ‘ਚ ਵੀ ਲੌਕਡਾਊਨ ਲਗਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਫ਼ਰਾਂਸ, ਇਟਲੀ ਤੇ ਜਰਮਨੀ ‘ਚ ਰੋਜ਼ਾਨਾ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਯੂਰਪ ਤੇ ਅਮਰੀਕਾ ‘ਚ ਓਮੀਕ੍ਰੋਨ ਵੇਰੀਐਂਟ ਕਾਰਨ ਜ਼ਿਆਦਾਤਰ ਸੂਬਿਆਂ ‘ਚ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਦੂਜੇ ਪਾਸੇ ਦੱਖਣੀ ਕੋਰੀਆ ‘ਚ ਕੋਰੋਨਾ ਦੇ ਲਗਾਤਾਰ ਘਟਦੇ ਮਾਮਲਿਆਂ ਦੇ ਵਿਚਕਾਰ ਅਗਲੇ ਹਫ਼ਤੇ ਤੋਂ ਮਾਸਕ ਨੂੰ ਛੱਡ ਕੇ ਸਾਰੀਆਂ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਕਿਮ ਬੂ-ਕਿਊਮ ਨੇ ਕਿਹਾ ਹੈ ਕਿ ਸੋਮਵਾਰ ਤੱਕ ਰੈਸਟੋਰੈਂਟਾਂ ਤੇ ਬਾਰ ਨੂੰ 24 ਘੰਟੇ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਵਿਆਹਾਂ ਤੇ ਰੈਲੀਆਂ ‘ਚ ਲੋਕਾਂ ਦੀ ਤੈਅ ਗਿਣਤੀ ਤੋਂ ਵੀ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੀ ਜ਼ੀਰੋ-ਕੋਵਿਡ ਨੀਤੀ ਨਾਲ ਜੀਡੀਪੀ ਟੀਚੇ ਨੂੰ ਪੂਰਾ ਕਰਨਾ ਸੰਭਵ ਨਹੀਂ। ਪਾਬੰਦੀਆਂ ਕਾਰਨ ਸਪਲਾਈ ਚੇਨ ‘ਚ ਰੁਕਾਵਟ, ਬੰਦਰਗਾਹਾਂ ‘ਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ੰਘਾਈ ਲੌਕਡਾਊਨ ‘ਚ ਫਸਿਆ ਰਹਿੰਦਾ ਹੈ। ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਨੇ ਸਾਲ 2022 ਲਈ ਕਈ ਦਹਾਕਿਆਂ ਬਾਅਦ ਆਪਣਾ ਸਭ ਤੋਂ ਘੱਟ ਸਾਲਾਨਾ ਜੀਡੀਪੀ ਟੀਚਾ ਤੈਅ ਕੀਤਾ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ 5.5 ਫ਼ੀਸਦੀ ਵਿਕਾਸ ਦਰ ਦਾ ਅੰਕੜਾ ਹਾਸਲ ਕਰਨਾ ਮੁਸ਼ਕਲ ਹੋਵੇਗਾ, ਕਿਉਂਕਿ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਉਤਪਾਦਨ ਕਾਫ਼ੀ ਪ੍ਰਭਾਵਿਤ ਹੈ।

ਦੁਨੀਆਂ ਭਰ ਦੇ 12 ਵਿੱਤੀ ਸੰਸਥਾਵਾਂ ਦੇ ਮਾਹਰਾਂ ਨੇ ਚੀਨ ਦੀ ਜੀਡੀਪੀ ‘ਚ 5.0 ਫ਼ੀਸਦੀ ਵਿਕਾਸ ਦਰ ਰਹਿਣ ਦਾ ਅਨੁਮਾਨ ਲਗਾਇਆ ਹੈ। ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਫਾਇਨਾਂਸ ਦੇ ਚੀਨ ਦੇ ਖੋਜ ਮੁਖੀ ਜੀਨ ਮਾ ਨੇ ਕਿਹਾ ਕਿ ਚੀਨ ਦੇ ਅਰਥਚਾਰੇ ਨੇ ਜਨਵਰੀ ਤੇ ਫ਼ਰਵਰੀ ‘ਚ ਬਿਹਤਰ ਊਰਜਾ ਦੀ ਸਮਰੱਥਾ, ਘਰੇਲੂ ਮੰਗ ਦੇ ਨਾਲ ਚੰਗੀ ਸ਼ੁਰੂਆਤ ਕੀਤੀ ਸੀ ਪਰ ਮਾਰਚ ਤੇ ਅਪ੍ਰੈਲ ‘ਚ ਲੌਕਡਾਊਨ ਕਾਰਨ ਸਪਲਾਈ ਚੇਨ ਤੇ ਉਦਯੋਗਿਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

LEAVE A REPLY

Please enter your comment!
Please enter your name here