ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ, ਕੇਂਦਰ ਦੇ ਸਾਰੇ ਪ੍ਰੋਜੈਕਟ ਕਰਾ ਦਿਆਂਗੇ ਬੰਦ

0
87

ਬਠਿੰਡਾ 14 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਬਠਿੰਡਾ ਦੇ ਭੁੱਚੋ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਟੋਲ ਪਲਾਜ਼ਾ ਵਿਖੇ ਲਾਇਆ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਜਿੱਥੇ ਭਾਰੀ ਗਿਣਤੀ ਵਿੱਚ ਕਿਸਾਨ ਤੇ ਮਹਿਲਾਵਾਂ ਸ਼ਾਮਲ ਹੋਈਆਂ। ਰੋਜ਼ਾਨਾ ਟੋਲ ਪਲਾਜ਼ਾ ਨੂੰ ਸੱਤ ਤੋਂ ਅੱਠ ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਸਾਡੇ ਲਈ ਮੌਤ ਦਾ ਵਾਰੰਟ ਹੈ। ਬੇਸ਼ੱਕ ਟੋਲ ਪਲਾਜ਼ਾ ‘ਤੇ ਧਰਨੇ ਨਾਲ ਪਿਛਲੇ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਵਾਲਿਆਂ ਨੂੰ ਲੱਖਾਂ ਰੁਪਿਆ ਹੀ ਨਹੀਂ, ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਇਹ ਸਾਡੀ ਵੀ ਮਜਬੂਰੀ ਹੈ।

ਉਨ੍ਹਾਂ ਕਿਹਾ ਜੇਕਰ ਅਸੀਂ ਟੋਲ ਪਲਾਜ਼ਾ ਦੇ ਬਾਹਰ ਨਹੀਂ ਬੈਠਦੇ ਤਾਂ ਕੇਂਦਰ ਸਰਕਾਰ ਜੋ ਕੁਝ ਮਰਜ਼ੀ ਕਰੇਗੀ। ਅਸੀਂ ਇਹ ਨਹੀਂ ਹੋਣ ਦੇਵਾਂਗੇ। ਕੇਂਦਰ ਸਰਕਾਰ ਵੱਲੋਂ ਲਿਆਏ ਗਏ ਪ੍ਰਾਜੈਕਟ ਚਾਹੇ ਉਹ ਟੋਲ ਪਲਾਜ਼ਾ ਹੈ, ਰਿਲਾਇੰਸ ਮਾਲ ਹੈ ਜਾਂ ਰਿਲਾਇੰਸ ਪੈਟਰੋਲ ਪੰਪ ਹੈ, ਸਾਡਾ ਉਨ੍ਹਾਂ ਦੇ ਬਾਹਰ ਬੈਠ ਕੇ ਧਰਨਾ ਜਾਰੀ ਹੈ। ਜੇਕਰ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ ਸਾਡਾ ਸੰਘਰਸ਼ ਹੋਰ ਤਿੱਖਾ ਹੋਵੇਗਾ। ਬੇਸ਼ੱਕ ਅੱਜ ਸਾਡੇ ਜਥੇਬੰਦੀ ਨੇ ਰੇਲ ਲਾਈਨਾਂ ‘ਤੇ ਧਰਨਾ ਚੁੱਕ ਲਿਆ ਹੈ ਪਰ ਟੋਲ ਪਲਾਜ਼ਾ ‘ਤੇ ਧਰਨਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਅੱਜ ਕੇਂਦਰ ਸਰਕਾਰ ਵੱਲੋਂ ਮੀਟਿੰਗ ਸੱਦੀ ਗਈ ਹੈ ਪਰ ਸਾਨੂੰ ਉਸ ਵਿੱਚ ਕੁਝ ਵੀ ਆਸ ਨਹੀਂ ਦਿਖਾਈ ਦਿੱਤੀ।

ਕਿਸਾਨਾਂ ਨੇ ਕਿਹਾ ਜੇ ਸਾਡੀ ਫਸਲ ਦਾ ਮੁੱਲ ਕੇਂਦਰ ਸਰਕਾਰ ਤੈਅ ਕਰੇਗੀ ਤਾਂ ਅਸੀਂ ਕੇਂਦਰ ਸਰਕਾਰ ਦੇ ਜਿੰਨੇ ਵੀ ਪ੍ਰਾਜੈਕਟ ਹਨ ਉਨ੍ਹਾਂ ਨੂੰ ਬੰਦ ਕਰਵਾ ਕੇ ਰਹਾਂਗੇ। ਜੇਕਰ ਟੋਲ ਪਲਾਜ਼ਾ ਸਦਾ ਲਈ ਬੰਦ ਕਰਵਾਉਣਾ ਪਿਆ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ। ਦੂਜੇ ਪਾਸੇ ਭੁੱਚੋ ਟੋਲ ਪਲਾਜ਼ਾ ਦੇ ਮੈਨੇਜਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਵਿਖੇ ਕਿਸਾਨਾਂ ਦਾ ਧਰਨਾ ਜਾਰੀ ਹੈ ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਸੀ।ਇਸ ਟੋਲ ਪਲਾਜ਼ਾ ਤੋਂ ਸੱਤ ਤੋਂ ਅੱਠ ਲੱਖ ਰੁਪਏ ਰੋਜ਼ਾਨਾ ਇਨਕਮ ਹੁੰਦੀ ਸੀ ਜੋ ਕਿ ਹੁਣ ਬੰਦ ਹੈ। ਇੰਨਾ ਹੀ ਨਹੀਂ ਸਗੋਂ ਸਾਡਾ ਦੋ ਦਰਜ਼ਨ ਤੋਂ ਵੱਧ ਸਟਾਫ਼ ਸੀ, ਉਹ ਵੀ ਥੋੜ੍ਹਾ ਬਹੁਤਾ ਹੀ ਰਹਿ ਗਿਆ ਹੈ।ਉਨ੍ਹਾਂ ਕਿਹਾ ਜਦ ਤਕ ਕਿਸਾਨਾਂ ਦਾ ਸਰਕਾਰ ਨਾਲ ਕੋਈ ਫ਼ੈਸਲਾ ਸਹੀ ਨਹੀਂ ਸਾਬਤ ਹੁੰਦਾ ਉਦੋਂ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ, ਜਿਸ ਨਾਲ ਬਹੁਤ ਘਾਟਾ ਪੈ ਰਿਹਾ ਹੈ।

LEAVE A REPLY

Please enter your comment!
Please enter your name here