*ਇਦਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਰਹੀ ਬਰਨਾਲਾ ਪੁਲਿਸ, ਕਾਰਵਾਈ ਨਾ ਕਰਕੇ ਕੀਤਾ ਇਹ ਕੰਮ*

0
44

 (ਸਾਰਾ ਯਹਾਂ/ਬਿਊਰੋ ਨਿਊਜ਼):ਬਰਨਾਲਾ ਪੁਲਿਸ ਨੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਇਲਾਜ ਲਈ ਵੱਡਾ ਉਪਰਾਲਾ ਕੀਤਾ ਹੈ। ਦੱਸ ਦਈਏ ਕਿ ਪੁਲਿਸ ਨੇ ਚਿੱਟੇ ਦਾ ਸੇਵਨ ਕਰਦਿਆਂ ਫੜੇ ਗਏ ਦੋ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ।

ਉੱਥੇ ਹੀ ਇਸ ਮੌਕੇ ਪੀੜਤ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਚਿੱਟੇ ਦੇ ਨਸ਼ੇ ਦਾ ਆਦੀ ਹੋ ਚੁੱਕਿਆ ਹੈ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸ਼ੌਕ ਵਜੋਂ ਚਿੱਟੇ ਦਾ ਸੇਵਨ ਕਰਨਾ ਸ਼ੁਰੂ ਕੀਤਾ ਸੀ ਪਰ ਹੁਣ ਉਹ ਇਸ ਦਾ ਮਰੀਜ਼ ਹੋ ਗਿਆ ਹੈ। ਉਹ ਰੋਜ਼ਾਨਾ ਚਿੱਟੇ ਦਾ ਨਸ਼ਾ ਕਰ ਰਿਹਾ ਹੈ। ਜਦੋਂ ਉਹ ਅਤੇ ਉਸਦਾ ਦੋਸਤ ਚਿੱਟੇ ਦਾ ਸੇਵਨ ਕਰਨ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।

ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਦੱਸਦਿਆਂ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਸ਼ਾ ਛਡਾਉਣ ‘ਚ ਮਦਦ ਕਰਨ ਦਾ ਭਰੋਸਾ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਥਾਣਾ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੌਰਾਨ ਬੱਸ ਸਟੈਂਡ ਮਹਿਲ ਕਲਾਂ ਵਿਖੇ ਮੌਜੂਦ ਸਨ। ਜਿੱਥੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨਸ਼ੇ ਦੇ ਆਦੀ ਹਨ ਅਤੇ ਧਨੇਰ ਰੋਡ ‘ਤੇ ਨਸ਼ੇ ਦਾ ਸੇਵਨ ਕਰ ਰਹੇ ਹਨ।

ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਛਾਪਾ ਮਾਰ ਕੇ ਉਨ੍ਹਾਂ ਨੂੰ ਨਸ਼ੇ ਦੀ ਹਾਲਤ ‘ਚ ਕਾਬੂ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਇਹ ਦੋਵੇਂ ਨਸ਼ਾ ਛੱਡਣਾ ਚਾਹੁੰਦੇ ਹਨ ਅਤੇ ਨਸ਼ੇ ਦੇ ਆਦੀ ਹਨ। ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਮਦਦ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਦੋਵਾਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਦਰਖਾਸਤ ਦੇ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਇਸ ਬਿਮਾਰੀ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਦੋਵਾਂ ਨੌਜਵਾਨਾਂ ਦਾ ਡੋਪ ਟੈਸਟ ਕਰਵਾ ਕੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ।

ਜੇਕਰ ਕੋਈ ਨੌਜਵਾਨ ਖੁਦ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਸਹਿਯੋਗ ਕੀਤਾ ਜਾਵੇਗਾ। ਨਸ਼ਾ ਇੱਕ ਅਜਿਹੀ ਬਿਮਾਰੀ ਹੈ, ਜਿਸ ਨੂੰ ਨੌਜਵਾਨਾਂ ਨੂੰ ਸਮਝਾ ਕੇ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਮਦਦ ਕਰੇਗਾ।

LEAVE A REPLY

Please enter your comment!
Please enter your name here