*ਅੱਜ ਨਰੇਗਾ ਵਰਕਰਜ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਐਡਵੋਕੇਟ ਗਗਨਦੀਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰੇਗਾ ਮਜਦੂਰਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ*

0
10

ਮਾਨਸਾ 18 ਮਾਰਚ(ਸਾਰਾ ਯਹਾਂ/ਬੀਰਬਲ ਧਾਲੀਵਾਲ)ਅੱਜ ਨਰੇਗਾ ਵਰਕਰਜ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਐਡਵੋਕੇਟ ਗਗਨਦੀਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰੇਗਾ ਮਜਦੂਰਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ । ਅੱਜ ਬਾਲ ਭਵਨ ਮਾਨਸਾ ਵਿਖੇ ਵੱਖੋ-ਵੱਖ ਪਿੰਡਾਂ ਵਿੱਚੋਂ ਮਨਰੇਗਾ ਮਜਦੂਰ ਵੱਡੀ ਗਿਣਤੀ ਵਿੱਚ ਪਹੁੰਚੇ ਅੱਜ ਦੇ ਇਕੱਠ ਦੀ ਅਗਵਾਈ ਸੂਬਾ ਮੀਤ ਪ੍ਰਧਾਨ ਜਗਸੀਰ ਸਿੰਘ ਸੀਰਾ ਵੱਲੋਂ ਕੀਤੀ ਗਈ। ਬਾਲ ਭਵਨ ਮਾਨਸਾ ਵਿਖੇ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਤੱਕ ਮਾਰਚ ਕੱਢਿਆ ਗਿਆ । ਜਿਕਰਯੌਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮਨਰੇਗਾ ਮਜਦੂਰਾਂ ਨੂੰ ਕੀਤੇ ਕੰਮ ਦੇ ਪੈਸੇ ਨਹੀਂ ਮਿਲੇ। ਬਹੁਤ ਸਾਰੇ ਪਿੰਡਾਂ ਵਿੱਚ 5-5 ਮਸਟਰੌਲ ਨਿਕਲ ਚੁੱਕੇ ਹਨ ਅਤੇ ਮਜਦੂਰਾਂ ਨੇ ਕੰਮ ਕੀਤਾ ਹੋਇਆ ਹੈ ਪਰ ਅੱਜ ਤੱਕ ਕੋਈ ਪੈਸਾ ਨਹੀਂ ਮਿਲਿਆ । ਜਿਕਰਯੋਗ ਹੈ ਕਿ ਮਨਰੇਗਾ ਐਕਟ 2005 ਦੀਆਂ ਹਦਾਇਤਾਂ ਅਨੁਸਾਰ 14 ਦਿਨ ਕੰਮ ਕਰਨ ਤੋਂ ਬਾਅਦ 15 ਵੇਂ ਦਿਨ ਮਜਦੂਰਾਂ ਨੂੰ ਮਜਦੂਰੀ ਦੇ ਪੈਸੇ ਮਿਲਣੇ ਜਰੂਰੀ ਹਨ। ਜੇਕਰ 15 ਦਿਨਾਂ ਬਾਅਦ ਪੈਸੇ ਨਹੀਂ ਮਿਲਦੇ ਤਾਂ ਮਨਰੇਗਾ ਐਕਟ ਮੁਤਾਬਿਕ ਮਜਦੂਰ ਮੁਆਵਜਾ ਲੈਣ ਦੇ ਵੀ ਹੱਕਦਾਰ ਹਨ। ਪਰ ਅੱਜ ਤੱਕ ਮੁਆਵਜੇ ਦੀ ਤਾਂ ਗੱਲ ਵੱਖਰੀ ਹੈ ਪਰ ਮਜਦੂਰਾਂ ਨੂੰ ਕੀਤੇ ਕੰਮ ਦੇ ਪੈਸੇ ਵੀ ਨਹੀਂ ਮਿਲ ਰਹੇ। ਪੰਜਾਬ ਸਰਕਾਰ ਨੇ ਅੱਜ ਤੱਕ ਮਨਰੇਗਾ ਮਜਦੂਰਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅੱਜ ਤੱਕ ਸਰਕਾਰ ਵੱਲ਼ੋਂ ਕੋਈ ਵੀ ਬਿਆਨ ਨਹੀਂ ਜਾਰੀ ਕੀਤਾ ਗਿਆ ਕਿ ਮਨਰੇਗਾਂ ਮਜਦੂਰਾਂ ਨੂੰ ਮਜਦੂਰੀ ਦੇ ਪੈਸੇ ਦਿੱਤੇ ਜਾਣ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਮਜਦੂਰਾਂ ਦੇ ਮੁੱਦਿਆਂ ਉੱਪਰ ਗੰਭੀਰਤਾ ਨਹੀਂ ਲੈਂਦੀ ਜਿਸ ਕਰਕੇ ਮਜਦੂਰ ਦਫਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ। ਸਬੰਧਤ ਅਧਿਕਾਰੀਆਂ ਨੇ ਵੀ ਮਜਦੂਰਾਂ ਨੂੰ ਪੈਸੇ ਨਾ ਮਿਲਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ । ਸਰਦੀਆਂ ਦੇ ਦਿਨਾਂ ਵਿੱਚ ਜਦ ਧੁੰਦਾਂ ਪੈ ਰਹੀਆਂ ਸਨ ਉਸ ਸਮੇਂ ਮਜਦੂਰਾਂ ਨੇ ਕੰਮ ਕਰਿਆ ਸੀ। ਮਨਰੇਗਾ ਮਜਦੂਰਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਣ ਮਨਰੇਗਾ ਦੀ ਦਿਹਾੜੀ ਉੱਪਰ ਨਿਰਭਰ ਕਰਦਾ ਹੈ। ਮਨਰੇਗਾ ਮਜਦੂਰਾਂ ਨੂੰ ਮਜਦੂਰੀ ਦੇ ਪੈਸੇ ਨਾ ਮਿਲਣ ਕਾਰਨ ਆਪਣੇ ਚੁੱਲੇ ਤਪਾਉਣੇ ਔਖੇ ਹੋ ਰਹੇ ਹਨ। ਜਿਸ ਨਾਲ ਮਜਦੂਰ ਭੁੱਖਮਰੀ ਦਾ ਸ਼ਿਕਾਰ ਹੋਣ ਲਈ ਮਜਬੂਰ ਹੋ ਰਹੇ ਹਨ। ਅੱਜ ਬਾਲ ਭਵਨ ਮਾਨਸਾ ਤੋਂ ਮਾਰਚ ਸ਼ੁਰੂ ਕਰਕੇ ਡਿਪਟੀ ਕਮਿਸ਼ਨਰ ਦਫਤਰ ਤੱਕ ਪਹੁੰਚਿਆ ਅਤੇ ਮਜਦੂਰਾਂ ਦੀ ਸਮੱਸਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ। 31 ਮਾਰਚ ਤੋਂ ਮਨਰੇਗਾ ਦਾ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਅਜੇ ਤੱਕ ਲੋਕਾਂ ਨੂੰ 100 ਦਿਨ ਦਾ ਰੁਜਗਾਰ ਨਹੀਂ ਮਿਲਿਆ ਕਿਉਂਕਿ ਕਾਨੂੰਨ ਅਨੁਸਾਰ ਇੱਕ ਸਾਲ ਵਿੱਚ 100 ਦਿਨ ਦੇ ਰੁਜਗਾਰ ਦੀ ਗਰੰਟੀ ਦਿੱਤੀ ਗਈ ਹੈ ਜੋ ਕਿ ਮਜਦੂਰਾਂ ਨਾਲ ਬੇਇਨਸਾਫੀ ਹੈ। ਅੱਜ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜਿਲ੍ਹਾ ਸਕੱਤਰ ਬਿੰਦਰ ਸਿੰਘ, ਬਲਾਕ ਪ੍ਰਧਾਨ ਕਰਮਜੀਤ ਕੌਰ ਸਰਦੂਲਗੜ੍ਹ, ਪਰਮਜੀਤ ਸਿੰਘ ਸਰਕਲ ਪ੍ਰਧਾਨ ਸਰਦੂਲਗੜ੍ਹ, ਭੋਲਾ ਸਿੰਘ ਬੋੜਾਵਾਲ, ਸਰਬਜੀਤ ਕੌਰ ਬਲਾਕ ਪ੍ਰਧਾਨ ਬੁਢਲਾਡਾ, ਗੁਰਦਿੱਤ ਸਿੰਘ ਜੌੜਕੀਆਂ, ਆਤਮਾ ਸਿੰਘ ਦਲੇਲ ਸਿੰਘ ਵਾਲਾ, ਭੋਲਾ ਸਿੰਘ ਭਾਦੜਾ, ਨਛੱਤਰ ਸਿੰਘ ਹਸਨਪੁਰ, ਬਲਜੀਤ ਕੌਰ ਨੰਗਰ ਖੁਰਦ, ਅਵਤਾਰ ਸਿੰਘ ਜਿਲ੍ਹਾ ਪ੍ਰਧਾਨ ਭੱਠਾ ਅਤੇ ਨਿਰਮਾਣ ਮਜਦੂਰ ਯੂਨੀਅਨ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਆਏ ਹੋਏ ਮਨਰੇਗਾ ਕਿਰਤੀਆਂ ਨੇ ਹਿੱਸਾ ਲਿਆ। ਅੱਜ ਨਰੇਗਾ ਵਰਕਰ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਕੁੱਝ ਦਿਨਾਂ ਦੇ ਵਿੱਚ ਮਜਦੂਰਾਂ ਦੇ ਮਜਦੂਰੀ ਦੇ ਪੈਸੇ ਨਾ ਮਿਲੇ ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬਾ ਪੱਧਰੀ ਸੰਘਰਸ਼ ਉਲੀਕਿਆ ਜਾਵੇਗਾ।

LEAVE A REPLY

Please enter your comment!
Please enter your name here