*ਰਾਜਨੀਤਿਕ ਪਾਰਟੀਆਂ ਨੂੰ ਰਾਜਨੀਤਿਕ ਚਿੱਕੜ ‘ਚ ਨਹੀਂ ਘੜੀਸਣਾ ਚਾਹੀਦਾ ਮਾਨਸਾ ਦੇ ਚਿੱਕੜ ਦਾ ਮੁੱਦਾ!*

0
274

ਮਾਨਸਾ 08 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਇਹ ਤਾਂ ਸੱਚ ਹੈ ਕਿ ਮਾਨਸਾ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਵਿੱਚ ਰਹਿ ਰਹੇ ਹਨ ਤੇ ਇਹ ਵੀ ਚਿੱਟੇ ਦਿਨ ਵਾਂਗ ਸਾਫ ਹੈ ਕਿ ਮਾਨਸਾ ਨਿਵਾਸੀ ਮਲ ਮੂਤਰ ਵਿੱਚੋਂ ਹੀ ਲੰਘਦੇ ਹਨ ਅਤੇ ਬਦਬੂ ਮਾਰਦੇ ਗੰਦੇ ਪਾਣੀ ‘ਚ ਰਾਤਾਂ ਗੁਜਾਰਦੇ ਹਨ। ਇਹ ਵੀ ਸੱਚ ਹੈ ਕਿ ਮਾਨਸਾ ਦੇ ਸੇਵਾ ਸਿੰਘ ਠੀਕਰੀਵਾਲਾ ਚੌਂਕ ‘ਚ ਲੱਗਿਆ ਧਰਨਾ ਕੇਵਲ ਤੇ ਕੇਵਲ ਗੰਦੇ ਪਾਣੀ ਤੋਂ ਪੱਕੇ ਛੁਟਕਾਰੇ ਲਈ ਚੱਲ ਰਿਹਾ ਹੈ ਫਿਰ ਇਸ ਵਿੱਚ ਰਾਜਨੀਤੀ ਕਿੱਥੋਂ ਆ ਵੜੀ। ਕੌਣ ਨੇ ਉਹ ਲੋਕ ਜਿਹੜੇ ਇਸ ਧਰਨੇ ਨੂੰ ਲੋਕ ਸਭਾ ਵੋਟਾਂ ਨਾਲ ਜੋੜਕੇ ਵੇਖ ਰਹੇ ਹਨ। ਭੈਣੋ ਤੇ ਭਰਾਵੋ ਤੁਸੀਂ ਖੁਦ ਹੀ ਸੋਚ ਕੇ ਦੱਸੋ ਕਿ ਧਰਨੇ ਵਾਲੀਆਂ ਦਰੀਆਂ ‘ਤੇ ਬੈਠੇ ਸੇਵਾਮੁਕਤ ਅਤੇ ਪੋਤੇ ਪੋਤਰੀਆਂ ਵਾਲੇ ਬਜੁਰਗ ਲੋਕ ਕਿਸ ਪਾਰਟੀ ਦੇ ਨੁਮਾਇੰਦੇ ਹਨ? ਕੀ ਗੰਦਾ ਪਾਣੀ ਕਾਂਗਰਸੀਆਂ, ਅਕਾਲੀਆਂ ਜਾਂ ਭਾਜਪਾ ਵਾਲਿਆਂ ਦੇ ਘਰਾਂ ‘ਚ ਹੀ ਵੜਦਾ ਹੈ ਆਪ ਵਾਲਿਆਂ ਦੇ ਨਹੀਂ? ਕੀ ਗਲੀਆਂ ‘ਚ ਖੜੇ ਮਰਤਾਲ ਵਿੱਚੋਂ ਲੰਘਣ ਵਕਤ ਆਮ ਆਦਮੀ ਪਾਰਟੀ ਦੇ ਬਜੁਰਗ , ਔਰਤਾਂ ਤੇ ਬੱਚਿਆਂ ਨੂੰ ਚਿੱਕੜ ਰਾਹ ਦੇ ਦਿੰਦਾ ਹੈ? ਜੇ ਨਹੀਂ ਤਾਂ ਫਿਰ ਗੰਦੇ ਪਾਣੀ ਦੀ ਨਿਕਾਸੀ ਲਈ ਲੱਗਿਆ ਧਰਨਾ ਰਾਜਨੀਤਿਕ ਕਿਵੇਂ ਹੋਇਆ? ਜਦੋਂ ਸਰਕਾਰ ਦੇ ਨੁਮਾਇੰਦੇ ਵੋਟਾਂ ਮੰਗਣ ਹਰ ਵੋਟਰ ਦੇ ਘਰ ਜਾ ਸਕਦੇ ਹਨ ਚਾਹੇ ਉਹ ਕਿਸੇ ਵੀ ਪਾਰਟੀ ਦਾ ਸਮਰਥਕ ਹੋਵੇ ਤਾਂ ਫਿਰ ਗੰਦੇ ਪਾਣੀ ਦੀ ਸਮੱਸਿਆ ਲਈ ਜੇਕਰ ਸ਼ਹਿਰ ਵਾਸੀ ਆਪਣੀ ਫਰਿਆਦ ਲੈ ਕੇ ਕਾਂਗਰਸ,ਅਕਾਲੀ ਜਾਂ ਭਾਜਪਾ ਆਗੂਆਂ ਕੋਲ ਚਲੇ ਜਾਂਦੇ ਹਨ ਤਾਂ ਇਸ ਵਿੱਚ ਕਿਹੜੀ ਆਫਤ ਆ ਗਈ। ਚਲੋ ਇਹ ਵੀ ਮੰਨਿਆ ਕਿ ਧਰਨੇ ਵਿੱਚ ਸ਼ਾਮਲ ਲੋਕ ਰਾਜਨੀਤਿਕ ਮਨੋਰਥ ਨਾਲ ਧਰਨਾ ਦੇ ਰਹੇ ਹਨ ਪਰ ਜੇਕਰ ਸਰਕਾਰ ਗੰਦੇ ਪਾਣੀ ਦਾ ਪੱਕਾ ਹੱਲ ਕਰ ਦੇਵੇ ਤਾਂ ਕੀ ਇਸਦਾ ਲਾਭ ਆਪ ਦੇ ਵੋਟਰਾਂ ਨੂੰ ਨਹੀਂ ਮਿਲੇਗਾ।


ਅਸਲ ਵਿੱਚ ਪਿਛਲੇ ਸੱਤ ਸਾਲਾਂ ਤੋਂ ਵਿਧਾਨ ਸਭਾ ਸੀਟ ‘ਤੇ ਕਾਬਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੰਦੇ ਪਾਣੀ ਦਾ ਕੋਈ ਹੱਲ ਨਹੀਂ ਕਰਵਾ ਸਕੇ। ਕਹੀਆਂ ਦੇ ਫੋਕੇ ਟੱਕ ਮਾਰ ਕੇ ਸ਼ੋਸ਼ਲ ਮੀਡੀਆ ਅਤੇ ਖਬਰਾਂ ‘ਚ ਆ ਜਾਣ ਨਾਲ ਮਾਨਸਾ ਵਾਸੀਆਂ ਦੇ ਮਸਲੇ ਦਾ ਹੱਲ ਨਹੀਂ ਹੋਣਾ। ਜਾਨਣਾ ਪਵੇਗਾ ਕਿ ਖੋਖਰ ਵਾਲੇ ਪਾਸੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੇੜਲੇ ਟੋਭੇ ਦੀ ਗਾਰ ਕੱਢਣ ਲਈ ਆਏ 22 ਲੱਖ ਕਿੱਧਰ ਡੁੱਬ ਗਏ ਤੇ ਹੁਣ ਫਿਰ ਅਣ ਪੁੱਟੇ ਟੋਭੇ ਦੀ ਸਿਲਟ(ਗਾਰ) ਮੁੜ ਕੱਢਣ ਲਈ 66 ਲੱਖ ਰੁਪੈ ਕਦੋਂ ਵਰਤੇ ਜਾਣਗੇ? ਨਾਲ ਇਹ ਵੀ ਵੇਖਣਾ ਪਵੇਗਾ ਕਿ ਕੂੜਾ ਕਰਕਟ ਇਕੱਠਾ ਕਰਨ ਦਾ ਠੇਕਾ ਲੈਣ ਵਾਲੀ ਕੰਪਨੀ ਕਿੰਨੇ ਕੁ ਵਰਕਰਾਂ,ਮਸ਼ੀਨਾਂ ਤੇ ਹੋਰ ਸਾਜੋ ਸਮਾਨ ਨਾਲ ਕੰਮ ਕਰ ਰਹੀ ਹੈ। ਕਿਤੇ ਇਹ ਤਾਂ ਨਹੀਂ ਕਿ ਕੰਪਨੀ ਜੁਗਾੜ ਨਾਲ ਹੀ ਕਰੋੜਾਂ ਦਾ ਠੇਕਾ ਲੈ ਗਈ ਤੇ ਵਾਅਦੇ ਮੁਤਾਬਿਕ ਸੁਪਰ ਸੈਕਸ਼ਨ ਮਸ਼ੀਨ ਸ਼ਹਿਰ ਵਿੱਚ ਲਿਆਂਦੀ ਤੱਕ ਨਹੀਂ।

ਬੇਨਤੀ ਹੈ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਕਿ ਇਸ ਸਮੱਸਿਆ ਨੂੰ ਵੋਟ ਰਾਜਨੀਤੀ ਤੋ ਉੱਪਰ ਉੱਠਕੇ ਪਹਿਲ ਦੇ ਅਧਾਰ ‘ਤੇ ਹੱਲ ਕਰਵਾਓ। ਸ਼ਹਿਰ ਵਾਸੀਆਂ ਵੱਲੋਂ ਜੀਵਨ ਭਰ ਦੀ ਮਿਹਨਤ ਨਾਲ ਬਣਾਏ ਘਰ ਗੰਦੇ ਨਾਲਿਆਂ ‘ਤੇ ਵਸ ਗਏ ਹਨ। ਕੋਈ ਵੀ ਵਿਦਿਆਰਥੀ, ਕੋਈ ਵੀ ਔਰਤ ਤੇ ਕੋਈ ਵੀ ਮਰਦ ਜੁੱਤੇ ਉਤਾਰ ਤੇ ਪਜਾਮੇ ਟੰਗ ਕੇ ਚਿੱਕੜ ‘ਚ ਲਿਬੜੇ ਬਿਨਾਂ ਸ਼ਹਿਰ ਦੀ ਕਿਸੇ ਵੀ ਗਲ਼ੀ ਵਿੱਚੋਂ ਲੰਘ ਨਹੀਂ ਸਕਦਾ। ਹਰ ਕਿਸੇ ਨੂੰ ਦੀਂਹਦੀ ਹੈ ਸ਼ਹਿਰ ਦੀ ਹਾਲਤ ਤੇ ਤੁਸੀਂ ਰਾਜਨੀਤਿਕ ਰੌਲਾ ਪਾ ਕੇ ਜਿੰਮੇਵਾਰੀ ਤੋਂ ਨਾ ਭੱਜੋ।
ਹਰਦੀਪ ਸਿੰਘ ਜਟਾਣਾ

LEAVE A REPLY

Please enter your comment!
Please enter your name here