-ਅੰਤਰਰਾਸ਼ਟਰੀ ਕੰਨ ਦੇਖਭਾਲ ਦਿਵਸ ਮੌਕੇ ਜਾਗਰੂਕਤਾ ਰੈਲੀ, ਸੈਮੀਨਾਰ ਅਤੇ ਮੁਫ਼ਤ ਚੈਕਅੱਪ ਕੈਂਪ ਦਾ ਆਯੋਜਨ

0
8

ਮਾਨਸਾ, 3 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਸਿਹਤ ਵਿਭਾਗ ਮਾਨਸਾ ਵੱਲੋਂ ਰਾਸ਼ਟਰੀ ਬੋਲਾਪਣ ਬਚਾਅ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਾਹਲ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਕੰਨ ਦੇਖਭਾਲ ਦਿਵਸ ਮੌਕੇ ਇੱਕ ਜਾਗਰੂਕਤਾ ਸੈਮੀਨਾਰ ਅਤੇ ਮੁਫ਼ਤ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।
    ਕਿਡਜ਼ੀ ਸਕੂਲ ਮਾਨਸਾ ਵਿਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਕੰਨ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਦੇਖਭਾਲ ਅਤੇ ਸਾਂਭ ਸੰਭਾਲ ਬਹੁਤ ਜਰੂਰੀ ਹੈ। ਕੰਨਾਂ ਲਈ ਸਾਵਧਾਨੀ ਨਾ ਵਰਤਣ ਕਾਰਨ ਬਹੁਤ ਸਾਰੇ ਲੋਕ ਬੋਲੇਪਣ ਦਾ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਹੋਰਨਾਂ ਬਿਮਾਰੀਆਂ ਦੇ ਨਾਲ ਕੰਨਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਆਰੰਭੇ ਗਏ ਹਨ। ਇਸ ਲਈ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਉਠਾਉਣਾ ਚਾਹੀਦਾ ਹੈ।
    ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਕੰਨਾਂ ਦੀਆਂ ਬਿਮਾਰੀਆਂ ਵਿਚ ਜਾਣਕਾਰੀ ਦੀ ਘਾਟ ਨੁਕਸਾਨ ਦਾ ਕਾਰਨ ਬਣਦੀ ਹੈ। ਇਸ ਲਈ ਪਰਹੇਜ਼ ਅਤੇ ਇਲਾਜ ਨਾਲ ਬਚਾਅ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਕੰਨਾਂ ਵਿੱਚ ਪਾਣੀ ਅਤੇ ਕਿਸੇ ਕਿਸਮ ਦਾ ਤਰਲ ਪਦਾਰਥ ਨਹੀਂ ਜਾਣ ਦੇਣਾ ਚਾਹੀਦਾ। ਕੰਨਾਂ ਨੂੰ ਹਮੇਸ਼ਾ ਨਰਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਕੰਨਾਂ ਵਿੱਚੋਂ ਵਗ ਰਹੀ ਪੀਕ ਤੋਂ ਬਦਬੂ ਆਉਣਾ ਜਾਂ ਉਸ ਵਿਚ ਖੂਨ ਆਉਣਾ ਗੰਭੀਰ ਰੋਗ ਦੇ ਲੱਛਣ ਹੋ ਸਕਦੇ ਹਨ। ਉਨਾਂ ਨੇ ਕੰਨਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਕੰਨਾਂ ਵਿਚ ਖਾਰਿਸ਼ ਹੋਣ ਤੇ ਨੁਕੀਲੀਆਂ ਚੀਜਾਂ ਨਾ ਮਾਰੋ ਅਤੇ ਨਾ ਹੀ ਗੰਦਾ ਪਾਣੀ ਪੈਣ ਦਿਓ। ਕੰਨਾਂ ਨੂੰ ਤੇਜ਼ ਅਵਾਜ਼ ਤੋਂ ਬਚਾਓ। ਇਸ ਦੇ ਨਾਲ ਹੀ ਕਿਸੇ ਬੱਚੇ ਜਾਂ ਵੱਡੇ ਦੇ ਕੰਨ ਤੇ ਨਹੀਂ ਮਾਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਬ ਸੈਂਟਰ ਜਾਂ ਪਿੰਡ ਪੱਧਰ ਤੇ ਜਿੱਥੇ ਜਣੇਪੇ ਸਮੇਂ ਮਾਹਿਰ ਕੰਨਾਂ ਦਾ ਡਾਕਟਰ ਉਪਲਬਧ ਨਹੀਂ ਹੁੰਦਾ ਤਾਂ ਬੱਚੇ ਦੀ ਸੁਣਨ ਸ਼ਕਤੀ ਦਾ ਕੌਲੀ, ਚਮਚ ਖੜਕਾ ਕੇ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਕੌਲੀ, ਚਮਚ ਦੀ ਅਵਾਜ਼ ਤੋਂ ਬੱਚਾ ਅੱਖਾਂ ਝਪਕਦਾ ਹੈ ਜਾਂ ਕੋਈ ਹਰਕਤ ਕਰਦਾ ਹੈ ਤਾਂ ਪਤਾ ਚਲ ਜਾਂਦਾ ਹੈ ਕਿ ਉਸ ਨੂੰ ਸੁਣਦਾ ਹੈ, ਜੇਕਰ ਕੋਈ ਹਰਕਤ ਨਹੀਂ ਹੁੰਦੀ ਤਾਂ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੰਨਾਂ ਦੀਆਂ ਬਿਮਾਰੀਆਂ ਸੰਬੰਧੀ ਇਹ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਸਕੂਲੀ ਵਿਦਿਆਰਥੀਆਂ ਅਤੇ ਬੁਜ਼ਰਗਾਂ ਤੇ ਖਾਸ ਧਿਆਨ ਕੇਂਦਰਿਤ ਕਰਕੇ ਕੰਨਾਂ ਦੀਆਂ ਬਿਮਾਰੀਆਂ ਤੋਂ ਨਿਜਾਤ ਦਵਾਉਣ ਦੇ ਯਤਨ ਕੀਤੇ ਜਾਣਗੇ।
    ਇਸ ਮੌਕੇ ਵਿਦਿਆਰਥੀਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਸਿਵਲ ਹਸਪਤਾਲ ਵਿਚ ਲਗਾਏ ਮੁਫਤ ਚੈਕਅੱਪ ਵਿਚ 78 ਮਰੀਜਾਂ ਦੇ ਕੰਨਾਂ ਦੀ ਜਾਂਚ ਡਾ. ਰਾਏ ਵੱਲੋਂ ਕੀਤੀ ਗਈ। ਮਰੀਜਾਂ ਨੂੰ ਬੋਲੇਪਣ ਤੋਂ ਬਚਾਅ ਅਤੇ ਕੰਨਾਂ ਦੀ ਦੇਖਭਾਲ ਲਈ ਸਾਵਧਾਨੀਆਂ ਵੀ ਦੱਸੀਆ ਗਈਆ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਆਰ.ਕੇ.ਸਿੰਘਲ ਅਤੇ ਸਮੂਹ ਸਟਾਫ, ਮਾਸ ਮੀਡੀਆ ਅਫਸਰ ਸ੍ਰੀ ਸੁਖਮੰਦਰ ਸਿੰਘ, ਸ੍ਰੀ ਦੀਪ ਗੋਇਲ, ਸ੍ਰੀ ਗੁਰਦਰਸ਼ਨ ਸਿੰਘ, ਸ੍ਰੀ ਜਗਦੀਸ਼ ਰਾਏ ਆਦਿ ਮੌਜੂਦ ਸਨ। ਇਸ ਮੌਕੇ ਕੰਨਾਂ ਦੀ ਬਿਮਾਰੀਆਂ ਦੀ ਰੋਕਥਾਮ ਤੇ ਜਾਗਰੂਕਤਾ ਸੰਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ।

LEAVE A REPLY

Please enter your comment!
Please enter your name here