
ਮਾਨਸਾ 03,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪਿਛਲੇ ਕਾਫੀ ਦਿਨਾਂ ਦੌਰਾਨ ਰਾਮਦੇਵ ਵੱਲੋ ਲਗਾਤਾਰ ਕਈ ਵਾਰ ਐਲੋਪੈਥਿਕ ਡਾਕਟਰਾਂ ਨੂੰ ਲੈ ਕੇ ਬਿਨਾਂ ਲੋੜ ਤੋਂ, ਬਿਨਾਂ ਸਮਝ ਤੋ ਗੈਰ ਜ਼ਰੂਰੀ, ਗਲਤ ਸਮੇਂ ਤੇ ਭੱਦੀ ਸ਼ਬਦਾਵਲੀ ਵਰਤਣ ਕਾਰਨ ਸਾਰੇ ਡਾਕਟਰ ਭਾਈਚਾਰੇ ਵਿੱਚ ਅਤੇ ਸਮਾਜ ਦੇ ਹਰ ਵਰਗ ਦੇ ਬੁੱਧੀਜੀਵੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅੱਜ ਸਟੇਟ IMA ਦੇ ਸੱਦੇ ਤੇ ਕਾਲੇ ਬਿੱਲੇ ਲਾ ਕੇ ਇਸ ਦਾ ਵਿਰੋਧ ਕੀਤਾ ਗਿਆ। ਐਸ਼ੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਯੋਗਾ ਅਤੇ ਆਯੁਰਵੈਦ ਸਾਡੇ ਦੇਸ਼ ਦੀ ਆਨ ਤੇ ਸ਼ਾਨ ਹਨ। ਪੂਰਾ ਡਾਕਟਰ ਭਾਈਚਾਰਾ ਯੋਗ ਅਤੇ ਆਯੁਰਵੈਦਾ ਦਾ ਤਹਿ ਦਿਲੋਂ ਸਨਮਾਨ ਕਰਦਾ ਹੈ ਪਰ ਯੋਗ ਅਤੇ ਆਯੁਰਵੈਦ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਇਦਾਦ ਨਹੀਂ ਹੈ। ਇਸ ਵੇਲੇ ਦੇਸ਼ ਵਿਚ ਰਾਮਦੇਵ ਜੀ ਵਲੋ ਛੇੜਿਆ ਗਿਆ ਵਿਵਾਦ ਐਲੋਪੈਥਿਕ ਅਤੇ ਆਯੁਰਵੈਦਿਕ ਦੀ ਲੜਾਈ ਬਿਲਕੁਲ ਨਹੀਂ ਹੈ। ਇਹ ਵਿਵਾਦ ਸਿਰਫ ਤੇ ਸਿਰਫ ਰਾਮਦੇਵ ਵਲੋ ਡਾਕਟਰਾਂ ਪ੍ਰਤੀ ਕੀਤੀਆਂ ਗਈਆਂ ਗੈਰ ਜਰੂਰੀ ਟਿੱਪਣੀਆਂ ਕਾਰਨ ਪੈਦਾ ਹੋਇਆ ਹੈ।
ਉਸ ਸਮੇਂ ਜਦੋਂ ਸੈਕੜੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ, ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦੇ ਕਰਦੇ ਸ਼ਹੀਦ ਹੋ ਗਏ ਹਨ, ਉਸ ਵੇਲੇ ਉਹਨਾਂ ਨਾਲ ਹਮਦਰਦੀ ਅਤੇ ਸੰਦੇਹ ਪ੍ਰਗਟਾਉਣ ਦੀ ਬਜਾਏ ਡਾਕਟਰਾਂ ਨੂੰ ਟਰ- ਟਰ- ਟਰ ਕਹਿ ਕਿ ਉਹਨਾਂ ਦੀਆਂ ਸ਼ਹੀਦੀਆਂ ਦਾ ਮਖੌਲ ਉਡਾਉਣਾ ਸਿਰਫ ਤੇ ਸਿਰਫ ਪੂਰੇ ਮੁਲਕ ਵਿੱਚੋ ਰਾਮਦੇਵ ਜੀ ਦੇ ਹਿੱਸੇ ਹੀ ਆਇਆ ਹੈ। ਜਦੋਂ ਇਕ ਪਾਸੇ ਪੂਰਾ ਦੇਸ਼ ਕੋਵਿਡ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ। ਉਸ ਵੇਲੇ ਲੋਕਾਂ ਦੇ ਮਨ ਵਿਚ ਇਹ ਕਹਿ ਕੇ ਭਰਮ ਭੁਲੇਖੇ ਪੈਦਾ ਕਰਨੇ ਕਿ ਜਿਆਦਾਤਰ ਮਰੀਜ਼ਾਂ ਦੀਆ ਮੌਤਾਂ ਡਾਕਟਰੀ ਇਲਾਜ ਕਰਕੇ ਹੋ ਰਹੀਆਂ ਹਨ, ਇਹ ਇਕ ਵੱਡਾ ਕਾਨੂੰਨੀ ਅਪਰਾਧ ਹੈ ਅਤੇ ਸਰਕਾਰ ਨੂੰ ਤੁਰੰਤ ਇਸ ਦਾ ਨੋਟਿਸ ਲੈਦੇ ਹੋਏ ਐਪੀਡੇਮਿਕ ਡਜੀਜ ਐਕਟ ਅਧੀਨ ਇਸ ਬਾਬੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਪਰ ਸਰਕਾਰ ਦੀ ਕੀ ਮਜ਼ਬੂਰੀ ਹੈ ਇਹ ਤਾਂ ਸਰਕਾਰ ਹੀ ਜਾਣਦੀ ਹੈ ਪਰ ਸਮਝਦੇ ਲੋਕ ਵੀ ਹਨ, ਕਿਉਂਕਿ ਅਗਰ ਕਿਸੇ ਹੋਰ ਵਿਅਕਤੀ ਨੇ ਇਸ ਤਰ੍ਹਾਂ ਦੇ ਕੁਝ ਦੇਸ਼ ਧ੍ਰੋਹੀ ਸ਼ਬਦ ਬੋਲੇ ਹੁੰਦੇ ਤਾਂ ਉਹ ਹੁਣ ਤੱਕ ਸ਼ਾਇਦ ਸਜ਼ਾ ਭੁਗਤ ਰਿਹਾ ਹੁੰਦਾ ਪਰ ਦੇਸ਼ ਦੀ ਤਰਾਸਦੀ ਹੈ ਕਿ ਅਜਿਹੇ ਅਪਰਾਧੀ ਸਰਕਾਰਾਂ ਦੀ ਸ਼ਹਿ ਤੇ ਇਹ ਗੱਲ ਵੀ ਕਹਿੰਦੇ ਫਿਰਦੇ ਹਨ ਕਿ ਗਿਰਫ਼ਤਾਰ ਤਾਂ ਉਸਨੂੰ ਉਹਨਾਂ ਦਾ ਪਿਓ ਵੀ ਨਹੀਂ ਕਰ ਸਕਦਾ। ਡਾਕਟਰ ਹਰਪਾਲ ਸਿੰਘ ਸਰਾਂ ਨੇ ਕਿਹਾ ਕਿ ਅਗਰ ਬਾਬੇ ਨੂੰ ਐਲੋਪੈਥੀ ਇਹਨੀ ਮਾੜੀ ਲਗਦੀ ਹੈ ਤਾਂ ਉਹ ਪਬਲੀਕਲੀ ਕਸਮ ਖਾਵੇ ਕਿ ਉਹ ਕਿਸੇ ਵੀ ਬਿਮਾਰੀ ਦੀ ਸੂਰਤ ਵਿਚ ਮਰ ਸਕਦਾ ਹੈ ਪ੍ਰੰਤੂ ਕਿਸੇ ਐਲੋਪੈਥਿਕ ਹਸਪਤਾਲ ਵਿਚ ਜਾ ਕੇ ਇਲਾਜ ਨਹੀਂ ਕਰਵਾਏਗਾ ਅਤੇ ਸਰਕਾਰ ਨੂੰ ਵੀ ਸਾਰੇ ਕੋਵਿਡ ਸੈਂਟਰ ਬੰਦ ਕਰਕੇ ਸਿਰਫ ਕੋਰੋਲਿਨ ਲੈਣ ਦੀ ਹੀ ਸਲਾਹ ਲੋਕਾਂ ਨੂੰ ਦੇਣੀ ਚਾਹੀਦੀ ਹੈ। ਡਾਕਟਰ ਸ਼ੇਰਜੰਗ ਸਿੰਘ ਸਿੱਧੂ ਵਲੋ ਕਿਹਾ ਗਿਆ ਕਿ ਸਰਕਾਰ ਦਾ ਸਿੱਖਿਆ ਮੰਤਰੀ ਜੋ ਕਿ ਲੋਕਾਂ ਨੂੰ ਕੋਰੋਲਿਨ ਵੰਡਦਾ ਸੀ ਹੁਣ ਆਪ ਕਿਉਂ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਹੋਇਆ ਹੈ। ਉਸ ਨੂੰ ਹੁਣ ਰਾਮਦੇਵ ਦੀ ਕੋਰੋਲਿਨ ਹੀ ਖਾਣੀ ਚਾਹੀਦੀ ਸੀ ਜਾਂ ਫਿਰ ਆਮ ਜਨਤਾ ਨੂੰ ਕਿਉੰ ਭਰਮ ਭੁਲੇਖੇ ਪਾਉਂਦੇ ਹਨ। ਇਸ ਮੌਕੇ ਡਾ. ਸੁਖਦੇਵ ਡੂਮੇਲੀ, ਡਾ. ਤਰਲੋਕ ਸਿੰਘ, ਡਾ. ਸੁਰੇਸ਼ ਸਿੰਗਲਾ ਮੌਜੂਦ ਸਨ।
