ਮਾਨਸਾ 12 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਗਰਵਾਲ ਸਮਾਜ, ਛੋਟਾ ਦੁਕਾਨਦਾਰ ਅਤੇ ਆਮ ਕਾਰੋਬਾਰੀ ਮੁਸ਼ਕਿਲਾਂ ਵਿੱਚ ਹੈ। ਸਰਕਾਰਾਂ ਨੂੰ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਸੁਰੱਖਿਆ, ਬੀਮੇ ਅਤੇ ਕਾਰੋਬਾਰ ਨੂੰ ਚੱਲਦਾ ਰੱਖਣ ਲਈ ਹੋਰ ਸਹਾਇਤਾਵਾਂ ਦੇਣੀਆਂ ਚਾਹੀਦੀਆਂ ਹਨ। ਮਾਨਸਾ ਦੇ ਰਿਟੇਲ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਤੇ ਮਾਰਕਿਟ ਕਮੇਟੀ ਮਾਨਸਾ ਦੇ ਸਾਬਕਾ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ ਦੀ ਦੁਕਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ.ਪੀ ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਇਨ੍ਹਾਂ ਉੱਤੇ ਜਰੂਰ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਮੰਗਾਂ ਨੂੰ ਜਾਇਜ ਠਹਿਰਾਇਆ। ਐੱਮ.ਪੀ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਹਰ ਵਰਗ ਔਖਾ ਅਤੇ ਪ੍ਰੇਸ਼ਾਨ ਹੈ। ਬਿੱਟੂ ਨੇ ਕਿਹਾ ਕਿ ਛੋਟਾ ਦੁਕਾਨਦਾਰ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਰੱਖਦਾ। ਜਿਸ ਕਰਕੇ ਸਰਕਾਰਾਂ ਨੂੰ ਉਨ੍ਹਾਂ ਦੀ ਬਾਂਹ ਫੜਣ ਦੀ ਲੋੜ ਹੈ। ਸੁਰੇਸ਼ ਨੰਦਗੜ੍ਹੀਆ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਨੂੰ ਵਪਾਰਕ ਬਿਜਲੀ ਬਿੱਲ ਤੋਂ ਛੋਟ ਦੇ ਕੇ ਉਨ੍ਹਾਂ ਨੂੰ ਘਰੇਲੂ ਬਿਜਲੀ ਖਪਤਕਾਰ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣਾ ਕਾਰੋਬਾਰ ਚੱਲਦਾ ਰੱਖਣ ਵਿੱਚ ਔਖ ਨਾ ਹੋਵੇ। ਇਸ ਮੌਕੇ ਬਿੱਟੂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਫਿਰ ਅੰਦੋਲਨ ਦੇ ਰਾਹ ਹੈ। ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੱਲ ਕੱਢਣ ਦੀ ਬਜਾਏ ਉਨ੍ਹਾਂ ਦਾ ਰਾਹ ਰੋਕਣ ਵਿੱਚ ਲੱਗੀ ਹੈ। ਬਿੱਟੂ ਨੇ ਕਿਸਾਨਾਂ ਨਾਲ ਖੜਣ ਦੀ ਖੁੱਲ੍ਹੀ ਹਮਾਇਤ ਕੀਤੀ ਅਤੇ ਕਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਵਿਰੁੱਧ ਉਹ ਸੜਕਾਂ ਤੇ ਉੱਤਰਨ। ਰਵਨੀਤ ਬਿੱਟੂ ਨੇ ਵਪਾਰੀਆਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਹੈ। ਵਪਾਰੀ ਔਖਾ ਹੈ ਅਤੇ ਡਰ-ਭੈਅ ਦੇ ਮਾਹੌਲ ਵਿੱਚ ਆਪਣਾ ਗੁਜਾਰਾ ਚਲਾ ਰਿਹਾ ਹੈ। ਕਈ ਵਪਾਰੀਆਂ ਨੂੰ ਗੈਂਗਸਟਰਾਂ ਅਤੇ ਲੁਟੇਰਿਆਂ ਦੀਆਂ ਫਿਰੋਤੀ ਮੰਗਣ ਦੀਆਂ ਧਮਕੀਆਂ ਵੀ ਆ ਰਹੀਆਂ ਹਨ। ਜਿਸ ਕਰਕੇ ਸਰਕਾਰ ਨੂੰ ਪੰਜਾਬ ਦਾ ਖਰਾਬ ਹੁੰਦਾ ਮਾਹੌਲ ਸੰਭਾਲਣ ਦੀ ਲੋੜ ਹੈ। ਸੁਰੇਸ਼ ਨੰਦਗੜ੍ਹੀਆ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਪੰਜਾਬ ਦੇ ਵੱਖ-ਵੱਖ ਹਾਲਾਤਾਂ ਦੀ ਗੱਲਬਾਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਸਾਡੀ ਸਰਕਾਰ ਆਉਣ ਤੇ ਛੋਟੇ-ਵੱਡੇ ਹਰ ਵਪਾਰੀ ਨੂੰ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਸੁਰੱਖਿਆ ਅਤੇ ਲੋੜ ਮੁਤਾਬਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਪਾਰੀ ਕਿਸੇ ਤਰ੍ਹਾਂ ਦਾ ਡਰ-ਭੈਅ ਛੱਡ ਕੇ ਆਪਣਾ ਕਾਰੋਬਾਰ ਕਰਨ।
ਉੱਧਰ ਸੀਨੀਅਰੀ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਪ੍ਰਕਾਸ਼ ਚੰਦ ਕੁਲਰੀਆਂ ਨੇ ਕਿਹਾ ਕਿ ਪੰਜਾਬ ਅੰਦਰ ਜੋ ਮਾਹੌਲ ਹੈ। ਉਸ ਨੂੰ ਬਦਲਣ ਦੀ ਲੋੜ ਹੈ। ਪੰਜਾਬ ਵਿੱਚ ਰਵਨੀਤ ਸਿੰਘ ਬਿੱਟੂ ਵਰਗੇ ਨੇਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਦਾਦਾ ਬੇਅੰਤ ਸਿੰਘ ਨੇ ਸਰਕਾਰ ਚਲਾ ਕੇ ਪੰਜਾਬ ਵਿੱਚ ਜੋ ਅਮਨ ਸ਼ਾਂਤੀ ਅਤੇ ਵਧੀਆ ਮਾਹੌਲ ਬਣਾਇਆ ਉਹ ਅੱਜ ਵੀ ਮੌਜੂਦ ਹੈ। ਕੁਲਰੀਆਂ ਨੇ ਕਿਹਾ ਕਿ ਐੱਮ.ਪੀ ਰਵਨੀਤ ਸਿੰਘ ਬਿੱਟੂ ਵਰਗੇ ਨੇਤਾਵਾਂ ਨੂੰ ਲੋਕ ਅੱਗੇ ਲੈ ਕੇ ਆਉਣ, ਜਿਨ੍ਹਾਂ ਦੇ ਹੱਥ ਵਿੱਚ ਪੰਜਾਬ ਦੀ ਕਮਾਂਡ ਹੋਵੇ। ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਅੰਦਰ ਪਾਰਟੀ ਵਿੱਚ ਬਣੀ ਧੜੇਬੰਦੀ ਵੀ ਖਤਮ ਹੋ ਜਾਵੇਗੀ। ਕੁਲਰੀਆਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੌਜਵਾਨ, ਲੋਕਾਂ ਨੂੰ ਨਾਲ ਜੋੜਣ ਵਾਲੇ ਅਤੇ ਖਿੱਚ ਪੈਦਾ ਕਰਨ ਵਾਲੇ ਨੇਤਾ ਹਨ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਯੂਥ ਕਾਂਗਰਸ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਲਛਮਣ ਸਿੰਘ, ਨਿਰਭੈ ਸਿੰਘ ਨੰਗਲ, ਮਨਦੀਪ ਸਿੰਘ ਗੋਰਾ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਰਪੰਚ ਰਾਜੂ ਸਿੰਘ ਅੱਕਾਂਵਾਲੀ, ਕੇਸ਼ਵ ਸਿੰਗਲਾ ਨੰਦਗੜ੍ਹੀਆ, ਸੰਦੀਪ ਸਿੰਘ ਭੁੱਲਰ ਬਠਿੰਡਾ, ਤੋਂ ਇਲਾਵਾ ਹੋਰ ਵੀ ਮੌਜੂਦ ਸਨ।