*ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ*

0
27

ਚੰਡੀਗੜ੍ਹ, 20 ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼):  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗੈਂਗ ਦੇ ਚਾਰ ਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਫਰਾਰ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ਼ ਲੱਕੀ ਪਟਿਆਲ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। 
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਡੇਰਾਬਸੀ ਦੇ ਪਿੰਡ ਜਵਾਹਰਪੁਰ ਦੇ ਲਖਵੀਰ ਕੁਮਾਰ ਉਰਫ਼ ਲੱਕੀ, ਪਟਿਆਲਾ ਦੇ ਪਿੰਡ ਗਧਾਪੁਰ ਦੇ ਰਵੀ ਕੁਮਾਰ ਉਰਫ਼ ਫੌਜੀ, ਪਟਿਆਲਾ ਦੇ ਪਿੰਡ ਬਿਠੋਨੀਆ ਦੇ ਗੁਰਵਿੰਦਰ ਸਿੰਘ ਉਰਫ਼ ਮੱਟੂ ਅਤੇ ਡੇਰਾਬੱਸੀ ਦੇ ਜਤਿੰਦਰ ਸਿੰਘ ਉਰਫ਼ ਸੋਨੀ ਵਜੋਂ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਚਾਰ ਪਿਸਤੌਲਾਂ, ਜਿਨ੍ਹਾਂ ਵਿੱਚ ਦੋ ਆਧੁਨਿਕ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਵਿਦੇਸ਼ੀ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਤੇ ਦੋ ਦੇਸੀ ਪਿਸਤੌਲ ਸ਼ਾਮਲ ਹਨ, ਸਮੇਤ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ।


ਉਨ੍ਹਾਂ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ‘ਤੇ ਕਾਰਾਵਾਈ ਕਰਦਿਆਂ ਏ.ਡੀ.ਜੀ.ਪੀ.ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏ.ਜੀ.ਟੀ.ਐਫ. ਦੀ ਟੀਮ ਨੇ ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਢਕੋਲੀ ਵਿਖੇ ਪੁਰਾਣੇ ਅੰਬਾਲਾ-ਕਾਲਕਾ ਰੋਡ ‘ਤੇ ਸਥਿਤ ਡੀ.ਪੀ.ਐਸ. ਸਕੂਲ ਦੇ ਨੇੜੀਓਂ ਮੁਲਜ਼ਮਾਂ ਨੂੰ ਉਦੋਂ ਕਾਬੂ ਕੀਤਾ ਜਦੋਂ ਉਹ ਆਪਣੇ ਦੋ ਮੋਟਰਸਾਈਕਲਾਂ ‘ਤੇ ਜਾ ਰਹੇ ਸਨ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਗੈਂਗਸਟਰ ਲੱਕੀ ਪਟਿਆਲ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ ਵਿਸ਼ੇਸ਼ ਟੀਚਿਆਂ ’ਤੇ ਹਮਲਾ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ।
ਮੁੱਢਲੀ ਤਫ਼ਤੀਸ਼ ਬਾਰੇ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬੰਬੀਹਾ ਗਰੋਹ ਵੱਲੋਂ ਕੀਤੇ ਗਏ ਅਪਰਾਧਾਂ ਬਾਰੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਆਪ੍ਰੇਸ਼ਨ ਵਿੱਚ ਡੀਐਸਪੀ ਏਜੀਟੀਐਫ ਬਿਕਰਮ ਸਿੰਘ ਬਰਾੜ ਵੀ ਸ਼ਾਮਲ ਸਨ।
ਇਸ ਸਬੰਧੀ ਐਫਆਈਆਰ ਨੰਬਰ 83 ਮਿਤੀ 19/10/2023 ਨੂੰ ਥਾਣਾ ਢਕੋਲੀ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25(6)(7) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here