ਮਾਨਸਾ, 29 ਸਤੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਰਾਸ਼ਨ ਕਾਰਡਾਂ ਸਬੰਧੀ ਨਵੇਂ ਸਿਰੇ ਤੋਂ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਲਈ ਬਿਨੈਕਾਰਾਂ ਵੱਲੋਂ ਫਾਰਮ ਭਰ ਕੇ ਸੇਵਾ ਕੇਂਦਰਾਂ ਅਤੇ ਨੇੜੇ ਦੇ ਸੀ.ਐਸ.ਸੀ. ਕੇਂਦਰਾਂ ’ਤੇ ਜਮ੍ਹਾ ਕਰਵਾਏ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਇਹ ਫਾਰਮ ਜਮ੍ਹਾ ਕਰਵਾਉਣ ਸਮੇਂ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਮੋਕੇ ’ਤੇ ਹਾਜਰ ਹੋਣਾ ਜਰੂਰੀ ਹੈ ਕਿਉਂਕਿ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਬਾਇਓਮੈਟਰਿਕ ਕੀਤਾ ਜਾਣਾ ਲਾਜ਼ਮੀ ਹੈ। ਸਰਕਾਰ ਵੱਲੋਂ ਇਹ ਫਾਰਮ ਜਮ੍ਹਾ ਕਰਵਾਉਣ ਲਈ 20/- ਰੁਪਏ ਫੀਸ ਨਿਰਧਾਰਿਤ ਕੀਤੀ ਗਈ ਹੈ।
ਉਨਾਂ ਵੱਲੋਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਸਿਰੇ ਤੋਂ ਫਾਰਮ ਭਰਨ ਲਈ ਲੋੜਵੰਦਾਂ ਨੂੰ ਜਾਗਰੂਕ ਕਰਨ ਅਤੇ ਪ੍ਰੇਰਿਤ ਕਰਨ। ਉਨਾਂ ਬਿਨੈਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਫਾਰਮ ਵਿੱਚ ਸਹੀ ਜਾਣਕਾਰੀ ਦਰਜ ਕੀਤੀ ਜਾਵੇ ਤਾਂ ਜੋ ਸਰਕਾਰ ਦੀ ਇਸ ਸਕੀਮ ਦਾ ਸਹੀ ਲੋੜਵੰਦ ਪਰਿਵਾਰ ਲਾਭ ਉਠਾ ਸਕਣ।