*ਸਿਹਤ ਵਿਭਾਗ ਵੱਲੋਂ ਸਰਕਾਰੀ ਪੋਲੀਕਲੀਨਿਕ ਮਾਨਸਾ ਵਿਖੇ ਮਨਾਇਆ ਵਿਸ਼ਵ ਹਲਕਾਅ ਦਿਵਸ*

0
10

ਮਾਨਸਾ, 29 ਸਤੰਬਰ : (ਸਾਰਾ ਯਹਾਂ/ਬੀਰਬਲ ਧਾਲੀਵਾਲ): ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਰੇਬੀਜ਼ (ਹਲਕਾਅ) ਦਿਵਸ ਸਰਕਾਰੀ ਪੋਲੀਕਲੀਨਿਕ ਮਾਨਸਾ ਵਿਖੇ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਰੇਬੀਜ਼ (ਹਲਕਾਅ) ਬਹੁਤ ਹੀ ਘਾਤਕ ਹੈ ਪਰ ਸਹੀ ਜਾਗਰੂਕਤਾ ਨਾਲ ਇਸ ਤੋਂ ਪੂਰਨ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।
  ਇਸ ਦੌਰਾਨ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾਅ ਤੋਂ ਬਚਣ ਲਈ ਪਾਲਤੂ ਜਾਨਵਰਾਂ ਦਾ ਟੀਕਾਰਕਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਜੇਕਰ ਕੋਈ ਜਾਨਵਰ ਕਿਸੇ ਵਿਅਕਤੀ ਨੂੰ ਵੱਢ ਲਵੇ, ਤਾਂ ਜਖ਼ਮ ਨੂੰ ਸਾਬਣ ਅਤੇ ਵੱਗਦੇ ਪਾਣੀ ਨਾਲ ਤੁਰੰਤ ਧੋਣਾ ਚਾਹੀਦਾ ਹੈ, ਮੌਕੇ ’ਤੇ ਉਪਲਬਧ ਸਪਰਿਟ ਜਾਂ ਘਰ ਵਿੱਚ ਉਪਲਬਧ ਐਂਟੀਸੈਪਟਿਕ ਲਗਾਉਣੀ ਚਾਹੀਦੀ ਹੈ ਅਤੇ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਕਰਵਾਓਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰੇਬੀਜ਼ ਤੋਂ ਬਚਾਅ ਲਈ ਸਰਕਾਰੀ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਟੀਕੇ ਮੁਫ਼ਤ ਲਗਾਏ ਜਾਂਦੇ ਹਨ।
ਜ਼ਿਲ੍ਹਾ ਐਪੀਡੀਮਾਲੋਜਿਸਟ ਸ਼੍ਰੀ ਸੰਤੋਸ਼ ਭਾਰਤੀ ਨੇ ਦੱਸਿਆ ਕਿ ਵੈਕਸੀਨ ਦੀ ਡੋਜ਼ ਪੂਰਨ ਰੂਪ ਵਿੱਚ ਲਗਵਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਨਾਲ ਹੀ ਇਲਾਜ਼ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਸੀ.ਪੀ ਪ੍ਰੋਗਰਾਮ ਅਧੀਨ ਬਾਕੀ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਪ੍ਰੋਗਰਾਮ ਨੂੰ ਯੋਜਨਾਬੱਧ ਤਰੀਕੇ ਨਾਲ ਲਾਗੂ ਕਰਵਾਉਣ ਦੀ ਪੂਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾ. ਸਤਪਾਲ ਸਿੰਘ ਸਰਜਨ ਪੋਲੀਕਲੀਨਿਕ ਅਤੇ ਡਾ. ਕੈਲਾਸ਼ ਕੁਮਾਰ ਗਾਇਨਾਕੋਲੋਜਿਸਟ ਨੇ ਕਿਹਾ ਕਿ ਆਪਣੇ ਪਾਲਤੂ ਜਾਨਵਰਾਂ ਦਾ ਪੂਰਾ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ, ਖਾਸ ਕਰਕੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਵਰਗੇ ਜਾਨਵਰਾਂ ਦਾ ਟੀਕਾਕਰਨ ਜਿਸ ਨਾਲ ਹਲਕਾਅ ਵਾਲੇ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਵਿਸ਼ਵ ਹਲਕਾਅ ਦਿਵਸ ਸਰਕਾਰੀ ਹਾਈ ਸਕੂਲ ਬੋੜਾਵਾਲ ਵਿਖੇ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਸਮੂਹ ਅਤੇ ਸੂਚਨਾ ਅਫ਼ਸਰ ਮਾਨਸਾ ਸ਼੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਵੀਹ ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਰੇਬੀਜ਼ ਨਾਲ ਹੁੰਦੀ ਹੈ। ਇਹ ਬਿਮਾਰੀ ਕੁੱਤੇ ਤੋਂ ਇਲਾਵਾ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਇਸ ਦੌਰਾਨ ਹਾਜ਼ਰੀਨ ਨੂੰ ਰੇਬਿਜ਼ ਤੋਂ ਬਚਾਅ ਸਬੰਧੀ ਪੋਸਟਰ ਅਤੇ ਪੈਂਫਲਿਟ ਦੀ ਵੰਡ ਕੀਤੀ ਗਈ।
ਇਸ ਮੌਕੇ ਡਾ. ਲਖਵੀਰ ਸੋਫੀਆ, ਗੁਰਜੰਟ ਸਿੰਘ ਏ.ਐਮ.ਓ, ਰਾਮ ਕੁਮਾਰ ਹੈਲਥ ਸੁਪਰਵਾਈਜਰ, ਮਲਟੀਪਰਪਜ਼ ਹੈਲਥ ਵਰਕਰ ਗੁਰਿੰਦਰਜੀਤ ਅਤੇ ਬਲਜੀਤ ਸਿੰਘ, ਹਰਮੀਤ ਕੌਰ ਸਕੂਲ ਇੰਚਾਰਜ, ਸਿਮਰਨ, ਸੁਖਚੈਨ ਸਿੰਘ, ਨਿਤਿਨ ਕੁਮਾਰ, ਸੇਵਾ ਸਿੰਘ, ਨੀਤੂ ਚੌਹਾਨ, ਦਮਨਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਕਰਮਜੀਤ ਕੌਰ ਏ.ਐਨ.ਐਮ.,  ਅਮਰਜੀਤ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here