*“ਸਾਨੂੰ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ ” ਸਲੋਗਨ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ*

0
15

ਮਾਨਸਾ, 31 ਮਈ (ਸਾਰਾ ਯਹਾਂ/  ਮੁੱਖ ਸੰਪਾਦਕ): ਸਿਹਤ ਵਿਭਾਗ ਵੱਲੋਂ ਇਸ ਸਾਲ ਤੰਬਾਕੂ ਵਿਰੋਧੀ ਦਿਵਸ “ਸਾਨੂੰ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ ” ਸਲੋਗਨ ਤਹਿਤ ਮਨਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 23 ਮਈ ਤੋਂ ਹੀ ਜ਼ਿਲੇ ਭਰ ਵਿੱਚ ਸਿਹਤ ਕਰਮਚਾਰੀ ਵੱਲੋਂ ਵੱਖ ਵੱਖ ਗਤੀਵਿਧੀਆਂ ਕਰ ਕੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਕੋਟਪਾ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ। ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ‘ਤੇ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਚੁੱਕੀ ਗਈ। ਇਸ ਤੋਂ ਇਲਾਵਾ ਸਿਹਤ ਸੰਸਥਾਵਾਂ, ਸਕੂਲਾਂ, ਕਾਲਜਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਏ ਐਮ ਓ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਜਿਥੇ ਆਪਣੇ ਸਰੀਰ ਦਾ ਨੁਕਸਾਨ ਕਰ ਰਿਹਾ ਹੁੰਦਾ ਹੈ ਉਥੇ ਉਸ ਦੁਆਰਾ ਸਮੋਕਿੰਗ ਕਰਨ ਸਮੇਂ ਛੱਡਿਆ ਗਿਆ ਧੂੰਆਂ ਪੈਸਿਵ ਸਮੋਕਿੰਗ ਰਾਹੀਂ ਤੰਦਰੁਸਤ ਵਿਅਕਤੀ ਲਈ ਉਨਾਂ ਹੀ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ  ਕੋਟਪਾ ਐਕਟ ਦੀ ਧਾਰਾ 4 ਦੇ ਅਧੀਨ ਜਨਤਕ ਥਾਵਾਂ ਉਤੇ ਤੰਬਾਕੂਨੋਸ਼ੀ ਕਰਨ ਦੀ ਮਨਾਹੀ, ਧਾਰਾ 6 ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ, ਧਾਰਾ 6 ਬੀ ਅਧੀਨ ਹਰ ਵਿੱਦਿਅਕ ਸੰਸਥਾਵਾਂ ਵਿਚ ਤੰਬਾਕੂਨੋਸ਼ੀ ਰਹਿਤ ਖੇਤਰ ਦੇ ਬੋਰਡ ਲਗਵਾਉਣ ਅਤੇ ਸਕੂਲ਼ੀ ਸੰਸਥਾਵਾਂ ਦੇ 100 ਗਜ ਦੇ ਘੇਰੇ ਵਿਚ ਤੰਬਾਕੂ ਵੇਚਣ ਦੀ ਮਨਾਹੀ ਹੈ। ਐਕਟ ਦੀ ਉਲਘੰਣਾ ਕਰਨ ਉਤੇ 200 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।    

  ਡਾਕਟਰ ਹਰਦੀਪ ਸ਼ਰਮਾ ਐਸ ਐਮ ਓ  ਖਿਆਲਾ ਕਲਾਂ ਦੀ ਦੇਖਰੇਖ ਹੇਠ ਬਲਾਕ ਅਧੀਨ ਵੱਖ-ਵੱਖ ਪਿੰਡਾਂ ਵਿੱਚ ਪ੍ਰਾਇਮਰੀ ਸਿਹਤ ਕੇਂਦਰਾਂ, ਹੈਲਥ ਤੇ ਵੈਲਨੈਸ ਸੈਂਟਰਾਂ ਅਤੇ ਸਬ ਸੈਂਟਰਾਂ ਦੇ ਸਟਾਫ ਤੇ ਆਸ਼ਾ ਵਰਕਰਾਂ ਵਲੋਂ ਵੱਖ-ਵੱਖ ਥਾਵਾਂ ਉਤੇ ਲੋਕਾਂ ਨੂੰ ਵਿਸਵ ਤੰਬਾਕੂ ਰਹਿਤ ਦਿਵਸ ਮੌਕੇ ਲੋਕਾਂ ਨੂੰ ਤੰਬਾਕੂਨੋਸ਼ੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੇ ਇਸ ਤੋਂ ਬਚਣ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਜਿਵੇਂ ਬੀੜੀ, ਸਿਗਰੇਟ, ਜਰਦਾ, ਗੁਟਕਾ, ਖੈਣੀ ਵਗੈਰਾ ਦੀ ਵਰਤੋਂ ਕਰਨ ਵਾਲੇ ਵਿਅਕਤੀ ਮੂੰਹ ਦੇ ਕੈਂਸਰ, ਦਮਾ, ਚਮੜੀ ਦੇ ਰੋਗ, ਦਿਲ ਦੀਆਂ ਬੀਮਾਰੀਆਂ, ਬੋਲਾਪਣ, ਫੇਫੜਿਆਂ ਦੇ ਰੋਗ ਤੇ ਹੋਰ ਅਨੇਕਾਂ ਬੀਮਾਰੀਆਂ ਦੀ ਗ੍ਰਿਫਤ ਵਿਚ ਆ ਜਾਂਦੇ ਹਨ। ਇਸ ਮੌਕੇ ਸਿਹਤ ਕਰਮਚਾਰੀ ਅਤੇ ਆਮ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here