*ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ*

0
17

ਨਵੀਂ ਦਿੱਲੀ / ਚੰਡੀਗੜ੍ਹ, 7 ਅਪਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਨਵੇਂ ਰਾਸ਼ਟਰੀ ਮਾਰਗ ਪ੍ਰਾਜੈਕਟਾਂ ਨੂੰ ਜਲਦੀ ਮੰਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਹਰਭਜਨ ਸਿੰਘ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਸੜਕੀ ਆਵਾਜਾਈ ਅਤੇ ਹਾਈਵੇਜ਼ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨਾਲ ਇਸ ਸਬੰਧੀ ਮੁਲਾਕਾਤ ਕੀਤੀ ਗਈ ਅਤੇ ਸੂਬੇ ਨੂੰ ਸੜਕਾਂ ਦੇ ਬੁਨਿਆਦੀ ਢਾਂਚੇ ਪੱਖੋਂ ਮੁਲਕ ਦਾ ਮੋਹਰੀ ਸੂਬਾ ਬਣਾਉਣ ਲਈ ਖਾਕਾ ਪੇਸ਼ ਕੀਤਾ ਗਿਆ। 
ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਮੀਟਿੰਗ ਦੌਰਾਨ ਸੂਬੇ ਦੀਆਂ 9 ਮੁੱਖ ਸੜਕਾਂ ਨੂੰ ਕੌਮੀ ਮਾਰਗ ਐਲਾਨਣ ਲਈ ਅਪੀਲ ਕੀਤੀ ਜਿਨ੍ਹਾਂ ਵਿਚ ਬੰਗਾ-ਗੜ੍ਹਸ਼ੰਕਰ-ਆਨੰਦਪੁਰ ਸਾਹਿਬ-ਨੈਣਾ ਦੇਵੀ ਸੜਕ, ਨਵਾਂ ਸ਼ਹਿਰ-ਰਾਹੋਂ-ਮਾਛੀਵਾੜਾ-ਸਮਰਾਲਾ ਸੜਕ ਅਤੇ ਗੁਰਦਾਸਪੁਰ-ਮੁਕੇਰੀਆਂ-ਤਲਵਾੜਾ ਸੜਕ ਸ਼ਾਮਲ ਹਨ। ਸੂਬੇ ਦੇ ਪੇਂਡੂ ਖੇਤਰਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਕਿਸਾਨਾਂ ਲਈ ਸੁਖਾਲੀ ਪਹੁੰਚ ਦੀ ਸਹੂਲਤ ਲਈ ਸੂਬੇ ਦੇ ਕੈਬਨਿਟ ਮੰਤਰੀ ਵੱਲੋਂ ਸ੍ਰੀ ਗਡਕਰੀ ਨੂੰ ਪੰਜਾਬ ਦੇ ਨਵੇਂ ਪ੍ਰਸਤਾਵਤ ਐਕਪ੍ਰੈਸਵੇਜ਼ ਦੇ ਨਾਲ-ਨਾਲ ਸਰਵਿਸ ਸੜਕਾਂ ਦਾ ਨਿਰਮਾਣ ਕਰਨ ਦੀ ਵੀ ਅਪੀਲ ਕੀਤੀ ਗਈ। 
ਮੀਟਿੰਗ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਾਲ ਮੌਜੂਦ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੇ ਕੇਂਦਰੀ ਸੜਕ ਅਤੇ ਬੁਨਿਆਦੀ ਢਾਂਚਾ ਦੇ ਸਲਾਨਾ ਫੰਡ ਨੂੰ ਵਧਾ ਕੇ 300 ਕਰੋੜ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। 
ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਸੂਬਾ ਸਰਕਾਰ ਸਾਲ 2022-23 ਲਈ 3300 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਸ਼ੁਮਾਰ ਵਾਲਾ ਸਲਾਨਾ ਐਕਸ਼ਨ ਪਲਾਨ ਕੇਂਦਰੀ ਸੜਕ ਆਵਾਜਾਈ ਤੇ ਹਾਈਵੇਜ਼ ਮੰਤਰਾਲੇ ਨੂੰ ਮੰਨਜ਼ੂਰੀ ਲਈ ਦਾਖਲ ਕਰਨ ਜਾ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਵਿਚ ਸ਼ਹਿਰਾਂ ਜਿਵੇਂ ਕਪੂਰਥਲਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਲਈ ਬਾਈਪਾਸ, ਸੂਬੇ ਅੰਦਰ ਘੱਟ ਚੌੜੀਆਂ ਸੜਕਾਂ ਨੂੰ ਚਹੁੰ-ਮਾਰਗੀ ਬਣਾਉਣ ਤੋਂ ਇਲਾਵਾ ਨਵੇਂ ਵੱਧ ਉਚਾਈ ਵਾਲੇ ਪੁੱਲਾਂ (ਐਚ.ਐਲ.ਬੀ.)ਅਤੇ ਰੇਲਵੇ ਉਪਰਲੇ ਪੁਲ (ਆਰ.ਓ.ਬੀ.)  ਸ਼ਾਮਲ ਹਨ। 
ਮੀਟਿੰਗ ਵਿਚ ਮੈਂਬਰ (ਪ੍ਰਾਜੈਕਟ) ਕੌਮੀ ਮਾਰਗ ਅਥਾਰਟੀ, ਭਾਰਤ ਸ੍ਰੀ ਮਨੋਜ ਕੁਮਾਰ, ਮੁੱਖ ਇੰਜਨੀਅਰ ਕੌਮੀ ਮਾਰਗ, ਪੰਜਾਬ ਸ੍ਰੀ ਐਨ.ਆਰ.ਗੋਇਲ ਤੋਂ ਇਲਾਵਾ ਕੇਂਦਰੀ ਸੜਕ ਤੇ ਹਾਈਵੇਜ਼ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਅਧਿਕਾਰੀ ਹਾਜ਼ਰ ਸਨ।—————–

LEAVE A REPLY

Please enter your comment!
Please enter your name here