ਮਾਨਸਾ, 27 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ ) : ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ, ਖਰੀਦ ਅਤੇ ਚੁਕਾਈ ਸਬੰਧੀ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਹਦਾਇਤ ਕੀਤੀ ਕਿ ਉਪ ਮੰਡਲ ਪੱਧਰ ’ਤੇ ਸਮੂਹ ਐਸ.ਡੀ.ਐਮਜ਼ ਰੋਜ਼ਾਨਾ ਸਮੀਖਿਆ ਮੀਟਿੰਗਾਂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਦੁਆਰਾ ਖਰੀਦੀ ਜਾਣ ਵਾਲੀ ਫ਼ਸਲ ਦੀ ਨਾਲੋ ਨਾਲ ਚੁਕਾਈ ਵਿੱਚ ਕੋਈ ਅਣਗਹਿਲੀ ਨਾ ਵਰਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਮੰਡੀਆਂ ਵਿੱਚ ਝੋਨੇ ਦੀ ਆਮਦ ਦੀ ਰਫ਼ਤਾਰ ਪਿਛਲੇ ਦਿਨਾਂ ਨਾਲੋਂ ਤੇਜ਼ ਹੋਈ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਾ ਲੱਗ ਸਕਣ।
ਡਿਪਟੀ ਕਮਿਸ਼ਨਰ ਨੇ ਬੀਤੀ ਸ਼ਾਮ ਤੱਕ ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਸਬੰਧੀ ਵੀ ਮੰਡੀ ਪੱਧਰ ’ਤੇ ਵਿਭਾਗੀ ਅਧਿਕਾਰੀਆਂ ਦੁਆਰਾ ਕੀਤੇ ਗਏ ਉਪਰਾਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ 1 ਲੱਖ 82 ਹਜ਼ਾਰ 957 ਮੀਟਰਕ ਟਨ ਆਮਦ ਵਿੱਚੋਂ 1 ਲੱਖ 58 ਹਜ਼ਾਰ 969 ਮੀਟਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਖਰੀਦੀ ਫ਼ਸਲ ਦੀ 170.98 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਮੰਡੀਆਂ ਵਿੱਚ ਬਾਰਦਾਨੇ ਦੀ ਉਪਲਬਧਤਾ, ਢੋਆ ਢੁਆਈ ਕਰਨ ਵਾਲੇ ਵਾਹਨਾਂ, ਲੇਬਰ ਆਦਿ ਵੱਖ ਵੱਖ ਸਬੰਧਤ ਕਾਰਜਾਂ ਬਾਰੇ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਡੀ.ਐਫ.ਐਸ.ਸੀ ਨੂੰ ਹਦਾਇਤ ਕੀਤੀ ਕਿ ਉਪ ਮੰਡਲ ਪੱਧਰ ’ਤੇ ਵਿਭਾਗੀ ਅਧਿਕਾਰੀ ਅਤੇ ਸਮੂਹ ਏਜੰਸੀਆਂ ਦੇ ਨੁਮਾਇੰਦੇ ਲਗਾਤਾਰ ਐਸ.ਡੀ.ਐਮਜ਼ ਨਾਲ ਰਾਬਤਾ ਰੱਖਣ ਅਤੇ ਕਿਸੇ ਵੀ ਮੰਡੀ ਵਿੱਚ ਸਮੁੱਚੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਮੀਟਿੰਗ ਦੌਰਾਨ ਏ.ਡੀ.ਸੀ ਜਨਰਲ ਅਜੇ ਅਰੋੜਾ, ਏ.ਡੀ.ਸੀ ਵਿਕਾਸ ਅਮਰਪ੍ਰੀਤ ਕੌਰ ਸੰਧੂ, ਏ.ਡੀ.ਸੀ ਸ਼ਹਿਰੀ ਵਿਕਾਸ ਉਪਕਾਰ ਸਿੰਘ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਕੈਪਸ਼ਨ:
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਝੋਨੇ ਦੀ ਖਰੀਦ ਪ੍ਰਕਿਰਿਆ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ।