ਨਵੀਂ ਦਿੱਲੀ 04,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (ਏਮਸ AIIMS) ਨੇ ਆਪਣੇ ਇੱਕ ਅਧਿਐਨ ਦੌਰਾਨ ਪਾਇਆ ਹੈ ਕਿ ਅਪ੍ਰੈਲ-ਮਈ 2021 ਦੇ ਮਹੀਨਿਆਂ ’ਚ ਵੈਕਸੀਨ ਲੱਗਣ ਤੋਂ ਬਾਅਦ ਦੁਬਾਰਾ ਕੋਰੋਨਾ ਦੀ ਲਪੇਟ ’ਚ ਆਏ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਇਸ ਅਧਿਐਨ ਦੇ ਆਧਾਰ ਉੱਤੇ ਆਖਿਆ ਗਿਆ ਹੈ ਕਿ ਬਹੁਤ ਜ਼ਿਆਦਾ ਲਾਗ ਫੈਲਣ ਦੇ ਬਾਵਜੂਦ ਟੀਕੇ ਲੱਗੇ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। 63 ਵਿਅਕਤੀਆਂ ਨੂੰ ਦੁਬਾਰਾ ਕੋਰੋਨਾ ਵਾਇਰਸ ਦੀ ਲੱਗ ਗਈ; ਉਨ੍ਹਾਂ ਵਿੱਚੋਂ 36 ਮਰੀਜ਼ਾਂ ਨੂੰ ਵੈਕਸੀਨ ਦੀਆਂ ਦੋ ਡੋਜ਼ ਲੱਗ ਚੁੱਕੀਆਂ ਸਨ; ਜਦਕਿ 27 ਨੂੰ ਵੈਕਸੀਨ ਦੀ ਇੱਕ ਡੋਜ਼ ਮਿਲੀ ਸੀ। 10 ਮਰੀਜ਼ਾਂ ਨੇ ਕੋਵੀਸ਼ੀਲਡ ਦੀ ਡੋਜ਼ ਲਈ ਸੀ; ਜਦਕਿ 53 ਨੂੰ ਕੋਵੈਕਸੀਨ ਦਿੱਤੀ ਗਈ ਸੀ।
AIIMS ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਰੀਜ਼ਾਂ ਵਿੱਚ ਭਾਵੇਂ ਐਂਟੀ-ਬਾਡੀ ਉਪਲਬਧ ਸਨ, ਫਿਰ ਵੀ ਉਹ ਦੋਬਾਰਾ ਲਾਗ ਦੀ ਲਪੇਟ ’ਚ ਆ ਗਏ ਤੇ ਹੋਰ ਮਰੀਜ਼ਾਂ ਵਾਂਗ ਹੀ ਹਸਪਤਾਲ ’ਚ ਦਾਖ਼ਲ ਹੋਏ। ਉੱਧਰ ਅਮਰੀਕੀ ਸਿਹਤ ਏਜੰਸੀ ਸੀਡੀਸੀ ਦਾ ਕਹਿਣਾ ਹੈ ਕਿ ਟੀਕਾਕਰਣ ਤੋਂ ਬਾਅਦ ਕੁਝ ਲੋਕਾਂ ਨੂੰ ਹੀ ਮੁੜ ਕੋਰੋਨਾਵਾਇਰਸ ਦੀ ਲਾਗ ਲੱਗਦੀ ਹੈ। ਹਸਪਤਾਲ ’ਚ ਦਾਖ਼ਲ ਹੁੰਦੇ ਹਨ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਭਾਰਤ ’ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 24 ਘੰਟਿਆਂ ਅੰਦਰ ਨਵੇਂ 1 ਲੱਖ 32 ਹਜ਼ਾਰ 364 ਮਾਮਲੇ ਆਏ; ਜਦ ਕਿ 2,713 ਵਿਅਕਤੀਆਂ ਨੇ ਇਸ ਮਹਾਮਾਰੀ ਕਾਰਣ ਦਮ ਤੋੜ ਦਿੱਤਾ। 1 ਜੂਨ ਨੂੰ ਭਾਰਤ ਨੇ 8 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ 1 ਲੱਖ 27 ਹਜ਼ਾਰ 510 ਮਾਮਲੇ ਦਰਜ ਕੀਤੇ; ਜਦ ਕਿ 7 ਅਪ੍ਰੈਲ ਨੂੰ ਦੇਸ਼ ਵਿੱਚ 1 ਲੱਖ 26 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ।
ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 2 ਕਰੋੜ 85 ਲੱਖ 74 ਹਜ਼ਾਰ 350 ਹੈ; ਜਿਨ੍ਹਾਂ ਵਿੱਚੋਂ 16 ਲੱਖ 35 ਹਜ਼ਾਰ 993 ਮਰੀਜ਼ ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ ਤੇ ਹੁਣ ਤੱਕ 3 ਲੱਖ 40 ਹਜ਼ਾਰ 702 ਮੌਤਾਂ ਹੋ ਚੁੱਕੀਆਂ ਹਨ।
ਪਿਛਲੇ ਕੁਝ ਦਿਨਾਂ ਦੌਰਾਨ ਭਾਰਤ ਦੇ ਤਾਜ਼ਾ ਮਾਮਲਿਆਂ ਵਿੱਚ ਹਰੇਕ 24 ਘੰਟਿਆਂ ਅੰਦਰ ਇੱਕ ਲੱਖ ਤੋਂ ਵੱਧ ਮਹਾਮਾਰੀ ਦੀ ਲਾਗ ਤੋਂ ਗ੍ਰਸਤ ਹੋ ਰਹੇ ਹਨ। ਕਈ ਹਫ਼ਤਿਆਂ ਤੱਕ ਦੂਜੀ ਲਹਿਰ ਨਾਲ ਜੂਝਣ ਤੋਂ ਬਾਅਦ ਕੋਵਿਡ ਦੇ ਤਾਜ਼ਾ ਮਾਮਲੇ 17 ਮਈ ਨੂੰ ਪਹਿਲੀ ਵਾਰ ਤਿੰਨ ਲੱਖ ਤੋਂ ਹੇਠਾਂ ਆਏ ਸਨ; ਜਦਕਿ 7 ਮਈ ਨੂੰ 4 ਲੱਖ 14 ਹਜ਼ਾਰ 188 ਦਾ ਰਿਕਾਰਡ ਉਚੇਰਾ ਪੱਧਰ ਸੀ।