ਫਤਿਹਾਬਾਦ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਦੇ ਸਮਰਥਨ ‘ਚ ਭਾਜਪਾ ਤੋਂ ਬਾਅਦ ਹੁਣ ਜੇਜੇਪੀ ਨੇਤਾ ਵੀ ਆਉਣੇ ਸ਼ੁਰੂ ਹੋ ਗਏ ਹਨ। ਪਿੰਡ ਦੌਲਤਪੁਰ ਵਿੱਚ ਸਾਬਕਾ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ ਨੇ ਭਾਜਪਾ ਛੱਡ ਕੇ ਕਿਸਾਨੀ ਲਹਿਰ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਅੱਜ ਪਿੰਡ ਬੀਰਾਬਾਦੀ ਵਿੱਚ ਵੀ ਇੱਕ ਪੰਚਾਇਤ ਹੋਈ।
ਇਸ ਵਿੱਚ ਜੇਜੇਪੀ ਦੇ ਯੂਥ ਜ਼ਿਲ੍ਹਾ ਪ੍ਰਧਾਨ ਅਜੇ ਸੰਧੂ ਨੇ ਪੰਚਾਇਤ ਵਿੱਚ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਪਿੰਡ ਵਿੱਚੋਂ ਕਿਸਾਨਾਂ ਦੇ ਜਥੇ ਨੂੰ ਹਰੀ ਝੰਡੀ ਦਿੱਤੀ। ਜੇਜੇਪੀ ਯੂਥ ਦੇ ਜ਼ਿਲ੍ਹਾ ਪ੍ਰਧਾਨ ਅਜੇ ਸੰਧੂ ਨੇ ਇਸ ਦੌਰਾਨ ਪਿੰਡ ਵਿੱਚ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਕਿਸਾਨਾਂ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਇਸ ਲਈ ਰਾਜਨੀਤਕ ਪਾਰਟੀਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਲੋਕ ਕਿਸਾਨੀ ਅੰਦੋਲਨ ‘ਚ ਸ਼ਾਮਲ ਹੋਣ ਤੇ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨ। ਜੇਜੇਪੀ ਨੇਤਾ ਅਜੇ ਸੰਧੂ ਨੇ ਕਿਹਾ ਕਿ ਮੈਂ ਸਮੂਹ ਰਾਜਨੀਤਕ ਪਾਰਟੀਆਂ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਾਰਟੀ ਤੋਂ ਉਪਰ ਉੱਠ ਕੇ ਕਿਸਾਨਾਂ ਦੇ ਸਮਰਥਨ ‘ਚ ਆਪਣੀ ਆਵਾਜ਼ ਬੁਲੰਦ ਕਰਨ।