ਬੁਢਲਾਡਾ28 ਦਸੰਬਰ (ਸਾਰਾ ਯਹਾ /ਅਮਨ ਮਹਿਤਾ)- ਖੇਤੀ ਲਈ ਘਾਤਕ ਕਾਲੇ ਕਾਨੂੰਨਾਂ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਆਰੰਭੇ ਸੰਘਰਸ਼ ਤਹਿਤ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕਰਕੇ ਚੌਵੀ ਘੰਟਿਆਂ ਦਾ ਅਰੰਭਿਆ ਧਰਨਾ 87 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਜੁੜੇ ਕਿਸਾਨਾਂ ਦੇ ਇਕੱਠ ਨੂੰ ਮਹਿੰਦਰ ਸਿੰਘ ਦਿਆਲਪੁਰਾ , ਮੱਖਣ ਸਿੰਘ ਭੈਣੀਬਾਘਾ , ਸਵਰਨ ਸਿੰਘ ਬੋੜਾਵਾਲ ,ਹਰਿੰਦਰ ਸਿੰਘ ਸੋਢੀ ਅਤੇ ਭੁਪਿੰਦਰ ਸਿੰਘ ਗੁਰਨੇ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਦੇਸ਼ ਦੇ ਅੰਨਦਾਤੇ ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਲਈ ਕੋਈ ਸਕੀਮ ਨਹੀਂ ਬਣਾਈ ਨਾ ਹੀ ਹੁਕਮਰਾਨਾਂ ਨੇ ਖੇਤਰ ਸਬੰਧੀ ਕੋਈ ਠੋਸ ਨੀਤੀ ਬਣਾਈ ਹੈ ਹਾਲਾਂਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਦੇ ਖੇਤਰ ਦਾ ਬਹੁਤ ਵੱਡਾ ਯੋਗਦਾਨ ਹੈ ਇਸਦੇ ਉਲਟ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਅਰਬਾਂ-ਖਰਬਾਂ ਰੁਪੲਿਆਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਕਿਰਤੀਆਂ ਅਤੇ ਕਿਸਾਨਾਂ ਦਾ ਵਾਲ ਵਾਲ ਕਰਜ਼ੇ ਵਿੱਚ ਪਰੁੰਨਿਆ ਪਿਆ ਹੈ , ਸਰਕਾਰਾਂ ਭੋਰਾ ਭਰ ਵੀ ਚਿੰਤਤ ਨਹੀਂ । ਕਿਸਾਨ ਆਗੂਆਂ ਨੇ ਕਿਹਾ ਕਿ ਸਰਮਾਏਦਾਰਾਂ ਅਤੇ ਦੇਸ਼ ਦੇ ਹਾਕਮਾਂ ਨੇ ਕਿਸਾਨਾਂ-ਮਜ਼ਦੂਰਾਂ ਦੀ ਕਿਰਤ ਕਮਾਈ ਨੂੰ ਲੁੱਟਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ । ਆਗੂਆਂ ਨੇ ਦਾਅਵਾ ਕੀਤਾ ਕਿ ਕਾਲੇ ਕਾਨੂੰਨਾਂ ਖਿਲਾਫ਼ ਵਿੱਢਿਆ ਇਹ ਕਿਸਾਨ ਸੰਘਰਸ਼ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗਾ। ਅੱਜ ਦੇ ਧਰਨੇ ਨੂੰ ਰੂਸ਼ ਸਿੰਘ ਅਹਿਮਦਪੁਰ ,ਲਾਭ ਸਿੰਘ ,ਮਾੜੂ ਸਿੰਘ ਗੁਰਨੇ ,ਸਤਵੰਤ ਸਿੰਘ ਖਿੱਲਣ ,ਧੰਨਾ ਸਿੰਘ ਅਹਿਮਦਪੁਰ , ਦੇਵ ਸਿੰਘ ਗੁਰਨੇ , ਕਾਲਾ ਸਿੰਘ ਨੇ ਵੀ ਸੰਬੋਧਨ ਕੀਤਾ । ਇੰਨਕਲਾਬੀ ਗੀਤ ਚਿੜੀਆ ਸਿੰਘ ਗੁਰਨੇ , ਜੁਗਰਾਜ ਸਿੰਘ ਤਾਲਬਵਾਲਾ ਨੇ ਪੇਸ਼ ਕੀਤੇ।