ਮੋਦੀ ਲਈ ਅਰਦਾਸ ਕਰੇਗੀ ਆਮ ਆਦਮੀ ਪਾਰਟੀ, ਭਗਵੰਤ ਮਾਨ ਨੇ ਕੀਤਾ ਐਲਾਨ

0
49

ਫਤਹਿਗੜ੍ਹ ਸਾਹਿਬ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਆਮ ਆਦਮੀ ਪਾਰਟੀ ਪੀਐਮ ਮੋਦੀ ਲਈ ਰੱਬ ਅੱਗੇ ਅਰਦਾਸ ਕਰੇਗੀ। ਇਹ ਦਾਅਵਾ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੀਤਾ ਹੈ। ਦਰਅਸਲ ਸ਼ਹੀਦੀ ਜੋੜ ਮੇਲ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਆਗੂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਵੀ ‘ਆਪ’ ਵੱਲੋਂ ਆਪਣੇ ਵਿਰੋਧੀਆਂ ਨੂੰ ਜੰਮ ਕੇ ਘੇਰਿਆ ਗਿਆ। ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਅਸੀਂ ਨਿਗੂਣੇ ਸਿੱਖ ਹੁੰਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਣ ਲਈ ਪੁੱਜੇ ਹਾਂ।

ਉਨਾਂ ਕਿਹਾ ਕਿ ਉਸ ਸਮੇਂ ਦੇ ਜ਼ਾਲਮਾਂ ਤੇ ਮੌਜੂਦਾਂ ਸਰਕਾਰਾਂ ਵਿੱਚ ਕੋਈ ਬਹੁਤ ਅੰਤਰ ਨਹੀਂ, ਸਿਰਫ ਬਦਲਿਆ ਹੈ ਤਾਂ ਉਹ ਜ਼ੁਲਮ ਕਰਨ ਦਾ ਤਰੀਕਾ ਬਦਲਿਆ ਹੈ। ਉਸ ਸਮੇਂ ਵੀ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ‘ਤੇ ਅੱਤਿਆਚਾਰ ਕੀਤਾ ਜਾਂਦਾ ਸੀ ਤੇ ਅੱਜ ਵੀ ਉਨ੍ਹਾਂ ‘ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵਰਕਰ ਤੇ ਲੀਡਰਸ਼ਿਪ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਮੋਦੀ ਸਰਕਾਰ ਨੂੰ ਸੁਮੱਤ ਬਖਸ਼ੇ ਤਾਂ ਜੋ ਦੇਸ਼ ਦੇ ਉਨ੍ਹਾਂ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਜੋ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕ ਹਕੂਕਾਂ ਤੇ ਹੋਂਦ ਦੀ ਲੜਾਈ ਲੜ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਕੁਦਰਤ ਦੇ ਹੀ ਰੰਗ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਵੀ ਪੋਹ ਦੀਆਂ ਠੰਢੀਆਂ ਰਾਤਾਂ ਸਨ ਤੇ ਇਸ ਪੋਹ ਮਹੀਨੇ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਂ ਤੇ ਚਾਰੇ ਪੁੱਤਰਾਂ ਨੂੰ ਵਾਰ ਦਿੱਤਾ ਸੀ। ਅੱਜ ਵੀ ਉਹ ਹੀ ਠੰਢਾ ਪੋਹ ਮਹੀਨਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਰਾਹ ‘ਤੇ ਚੱਲਣ ਵਾਲੇ ਸ਼ਰਧਾਲੂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਅੱਜ ਦੇ ਹਾਕਮ ਵਿਰੁੱਧ ਖੁੱਲੇ ਅਸਮਾਨ ਹੇਠ ਡਟੇ ਹੋਏ ਹਨ।

‘ਆਪ’ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਰਤੀ ਲੋਕਾਂ ‘ਤੇ ਜ਼ੁਲਮ ਢਾਹਉਣ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ਚੰਗੀ ਤਰਾਂ ਪੜ ਲਵੇ। ਅੱਜ ਜੋ ਦਿੱਲੀ ਦੀ ਸਰਹੱਦ ‘ਤੇ ਖੁੱਲੇ ਅਸਮਾਨ ਹੇਠ ਅੰਦੋਲਨ ਕਰ ਰਹੇ ਹਨ ਇਹ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ। ਇਸ ਮੌਕੇ ਭਗਵੰਤ ਮਾਨ ਨੇ ਕਈ ਤਰ੍ਹਾਂ ਦੇ ਰਾਜਨੀਤਕ ਬਿਆਨ ਦੇਣ ਤੋਂ ਬਾਅਦ ਵੀ ਕਹਿ ਦਿੱਤਾ ਕਿ ਅੱਜ ਅਸੀਂ ਕੋਈ ਰਾਜਨੀਤੀ ਟਿੱਪਣੀ ਨਹੀਂ ਕਰਨੀ ਕਿਉਂਕਿ ਅਸੀਂ ਸਿਰਫ ਸ਼ਹੀਦਾਂ ਦੀ ਕੁਰਬਾਨੀ ਨੂੰ ਨਤਮਸਤਕ ਹੋਣ ਆਏ ਹਾਂ।

LEAVE A REPLY

Please enter your comment!
Please enter your name here