ਮਾਨਸਾ, 27 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਲੋਕਾਂ ਨੂੰ ਹੈਲਮੇਟ ਦੀ ਵਰਤੋਂ ਅਤੇ ਵਿਸ਼ੇਸ਼ਤਾ ਤੋਂ ਜਾਣੂ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਸਾਈਕਲ ਗਰੁੱਪ ਅਤੇ ਈਕੋ ਵਹੀਲਰਜ਼ ਗਰੁੱਪ ਮੈਂਬਰਾਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਸਾਈਕਲ ਰੈਲੀ ਵਿਚ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਦੁਆਰਾ ਵੀ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ. ਡਾ. ਸ਼ਿਖਾ ਭਗਤ ਨੇ ਕਿਹਾ ਕਿ ਸਾਈਕਲ ਰੈਲੀ ਦਾ ਮਕਸਦ ਲੋਕਾਂ ਨੂੰ ਹੈਲਮੇਟ ਦੀ ਵਰਤੋਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਦੋਪਹੀਆ ਵਾਹਨ ਸਮੇਤ ਸਾਈਕਲ ਚਲਾਉਣ ਸਮੇਂ ਵੀ ਹੈਲਮੇਟ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਦੁਰਘਟਨਾ ਵਾਪਰਨ ‘ਤੇ ਆਪਣੀ ਜ਼ਿੰਦਗੀ ਦਾ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ। ਧੁੰਦ ਦੇ ਮੱਦੇਨਜ਼ਰ ਸਾਨੂੰ ਸੁਰੱਖਿਅਤ ਡਰਾਇਵਿੰਗ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਾਈਕਲ ਰੈਲੀ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿਚੋੰ ਦੀ ਹੁੰਦੇ ਹੋਏ ਸੈਂਟਰਲ ਪਾਰਕ ਵਿਖੇ ਸਮਾਪਤ ਹੋਈ। ਸਲੋਗਨਾ ਅਤੇ ਅਨਾਊਂਸਮੈਂਟ ਰਾਹੀਂ ਸ਼ਹਿਰ ਵਾਸੀਆਂ ਨੂੰ ਹੈਲਮੇਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਰੈਲੀ ਵਿਚ ਸ਼ਮੂਹਲੀਅਤ ਕਰਨ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।