ਸਰਦੂਲਗੜ੍ਹ, 7 ਸਤੰਬਰ (ਸਾਰਾ ਯਹਾ/ਔਲਖ ) ਅੱਜ ਸਰਦੂਲਗੜ੍ਹ ਏਰੀਏ ਵਿੱਚ ਸਿਵਲ ਸਰਜਨ ਮਾਨਸਾ ਅਤੇ ਐਸ ਐਮ ਓ ਸਰਦੂਲਗੜ੍ਹ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਹੈਲਥ ਇੰਸਪੈਕਟਰ ਹੰਸ ਰਾਜ ਦੀ ਅਗਵਾਈ ਹੇਠ ਪਿੰਡ ਘੁੱਦੂਵਾਲਾ ਅਤੇ ਪਿੰਡ ਬੁਰਜ਼ ਭਲਾਈਕੇ ਵਿਖੇ ਮੱਛਰਦਾਨੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਸਿਹਤ ਕਰਮਚਾਰੀ ਗੁਰਪਾਲ ਸਿੰਘ ਨੇ ਮਲੇਰੀਆ ਅਤੇ ਡੇਂਗੂ ਦੇ ਬਚਾਅ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਛਰ ਦੇ ਕੱਟਣ ਨਾਲ ਹਰ ਸਾਲ ਬਹੁਤ ਸਾਰੇ ਲੋਕ ਮਲੇਰੀਆ ਅਤੇ ਡੇਗੂ ਨਾਲ ਬਿਮਾਰੀ ਹੋ ਜਾਂਦੇ ਹਨ। ਸਿਹਤ ਵਿਭਾਗ ਵਲੋਂ ਪਿਛਲੇ ਸਾਲ ਵਧੇਰੇ ਪਾਜ਼ਿਟਿਵ ਕੇਸਾਂ ਵਾਲੇ ਪਿੰਡਾਂ ਵਿੱਚ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਦੀ ਵਰਤੋਂ ਕਰ ਕੇ ਮਲੇਰੀਆ ਅਤੇ ਡੇਂਗੂ ਤੋ ਬਚਿਆਂ ਜਾ ਸਕਦਾ ਹੈ। ਨਾਲ ਦੀ ਨਾਲ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਹਰ ਹਫਤੇ ਕੂਲਰਾਂ ਦਾ ਪਾਣੀ ਬਦਲਣ, ਫਰਿਜ਼ ਦੀ ਟਰੇਅ ਦੀ ਸਫਾਈ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਫ ਪਾਣੀ ਨੂੰ ਢੱਕ ਕੇ ਰੱਖਣਾ ਅਤੇ ਅਪਣੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖ ਕੇ ਉਪਰੋਕਤ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਟਾਇਰ, ਗਮਲੇ, ਟੁਟੇ ਪਲਾਸਟਿਕ ਤੇ ਟੀਨ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਕਿ ਇਨਾਂ ਬੀਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਘਰਾਂ ਦੇ ਨੇੜੇ ਨਾਲੀਆਂ ਵਿੱਚ ਕਾਲੇ ਤੇਲ ਦੀ ਵਰਤੋ ਕਰਕੇ ਵੀ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਹਰਚੰਦ ਸਿੰਘ ਸਰਪੰਚ ਘੁੱਦੂਵਾਲਾ ਅਤੇ ਸੁਖਵੀਰ ਕੌਰ ਸਰਪੰਚ ਬੁਰਜ਼ ਭਲਾਈਕੇ ਨੇ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦਿੱਤਾ। ਮੱਛਰਦਾਨੀਆਂ ਦੀ ਵੰਡ ਸਮੇਂ ਦੋਨੋ ਪਿੰਡਾਂ ਦੀਆ ਪੰਚਾਇਤਾਂ ਤੋ ਇਲਾਵਾ , ਜੀ ਓ ਜੀ ਦਲੇਲ ਸਿੰਘ. ਏ ਐਨ ਐਮ ਗੁਰਤੇਜ਼ ਕੌਰ. ਆਸ਼ਾ ਰਾਜਪਾਲ ਕੌਰ ਪਰਮਜੀਤ ਕੌਰ ਹਾਜ਼ਰ ਸਨ।