‘ਨਸੀਹਤ’- ਮਿੰਨੀ ਕਹਾਣੀ

0
127

ਸੱਜ ਵਿਆਹੀ ਕੁੜੀ ਵਕੀਲ ਦੇ ਚੈਂਬਰ ਵਿੱਚ ਬੈਠੀ ਵਕੀਲ ਦਾ ਇੰਤਜਾਰ ਕਰ ਰਹੀ ਸੀ। ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਕਹਿੰਦੀ ,“ਸਰ ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ।” ਵਕੀਲ ਲਖਣਪਾਲ ਹੈਰਾਨੀ ਨਾਲ਼ ਵੇਖਦਾ ਕਹਿਣ ਲੱਗਾ,“ਧੰਨਵਾਦ ! ਕਿਸ ਗੱਲ ਦਾ। ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ।” ਸਿਮਰਨ ਕਹਿਣ ਲੱਗੀ, “ਸਰ, ਤੁਹਾਨੂੰ ਯਾਦ ਨਹੀਂ । ਮੈਂ ਆਈ ਪਹਿਲਾਂ ਵੀ ਇੱਕ ਵਾਰ ਤੁਹਾਡੇ ਕੋਲ। ਕੋਰਟ ਮੈਰਿਜ ਕਰਵਾਉਣ ਲਈ।” ਵਕੀਲ ਕੁਝ ਸੋਚਣ ਲੱਗਾ। ਉਸਨੂੰ ਇੱਕ ਪੁਰਾਣੀ ਘਟਨਾ ਯਾਦ ਆਉਣ ਲੱਗੀ। 
        ਇਕ ਦਿਨ ਇੱਕ ਅੱਲ੍ਹੜ ਜਿਹੀ ਉਮਰ ਦੀ ਮੁਟਿਆਰ , ਇਕ ਇਕਹਿਰੇ ਜਿਹੇ ਸਰੀਰ ਵਾਲੇ ਲੜਕੇ ਨਾਲ ਉਸਦੇ ਚੈਂਬਰ ਵਿੱਚ ਆਈ ਸੀ। ਉਹਨਾਂ ਦੇ ਚਿਹਰੇ ਤੇ ਫਿਕਰ ਅਤੇ ਡਰ ਸਾਫ ਵਿਖਾਈ ਦੇ ਰਿਹਾ ਸੀ। ਉਸ ਨੇ ਦੋਹਾਂ ਨੂੰ ਅਰਾਮ ਨਾਲ ਬੈਠਣ ਦਾ ਇਸ਼ਾਰਾ ਕਰਦੇ ਕਿਹਾ,“ਡਰੋ ਨਾ, ਤੁਸੀਂ ਇੱਥੇ ਸੁਰੱਖਿਅਤ ਹੋ।” ਉਸ ਨੇ ਆਉਣ ਦਾ ਮਕਸਦ ਪਤਾ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਪਹਿਲੀ ਗੱਲ ਤੋਂ ਹੀ ਸਮਝ ਗਿਆ ਕਿ ਇਹ ਕੋਰਟ ਮੈਰਿਜ ਕਰਵਾਉਣ ਆਏ ਹਨ। ਉਹ ਵੇਖ ਰਿਹਾ ਸੀ ਕਿ ਕੁੜੀ ਵੱਧ ਪੜ੍ਹੀ ਲਿਖੀ ਅਤੇ ਚੰਗੇ ਖਾਨਦਾਨ ਦੀ ਹੈ ਅਤੇ ਲੜਕਾ ਘੱਟ ਪੜ੍ਹਿਆ-ਲਿਖਿਆ ਹੈ ਅਤੇ ਵੇਖਣ ਤੋਂ ਵੀ ਠੀਕ ਨਹੀ ਲੱਗਦਾ। ਉਸਨੇ ਸਾਰੀ ਗੱਲਬਾਤ ਕਰਕੇ ਕੁਝ ਕਾਗਜ ਅਤੇ ਜਰੂਰੀ ਫਾਰਮ ਦੀਆਂ ਕਾਪੀਆਂ ਕਰਵਾਉਣ ਲਈ ਲੜਕੇ ਨੂੰ ਭੇਜ ਦਿੱਤਾ, ਅਤੇ ਆਪ ਲੜਕੀ ਨਾਲ ਗੱਲ ਕਰਨ ਲੱਗ ਪਿਆ। ਉਸਨੇ ਗੱਲਬਾਤ ਸ਼ੁਰੂ ਕਰਦੇ ਕਿਹਾ,“ਸਿਮਰਨ ਜੀ, ਤੁਸੀ ਲੜਕੇ ਨੂੰ ਕਦੋਂ ਤੋਂ ਜਾਣਦੇ ਹੋ। ਮੇਰਾ ਮਤਲਬ ਇਸਦਾ ਸੁਭਾਅ, ਕਰੈਕਟਰ ਆਦਿ ਦਾ ਪਤਾ ਹੈ?” ਸਿਮਰਨ ਕਹਿਣ ਲੱਗੀ,“ ਹਾਂ ਜੀ , ਮੈਂ ਇਸ ਨੂੰ ਇੱਕ ਸਾਲ ਤੋਂ ਜਾਣਦੀ ਹਾਂ। ਮੈਨੂੰ ਬਹੁਤ ਪਿਆਰ ਕਰਦਾ। ਇਹਦੇ ਪਿਛੋਕੜ ਜਾ ਪਰਿਵਾਰ ਤੋਂ ਮੈਨੂੰ ਕੀ ਲੈਣਾ-ਦੇਣਾ।” ਵਕੀਲ ਕਹਿਣ ਲੱਗਾ,“ਲੈਣਾ-ਦੇਣਾ ਤਾਂ ਹੁੰਦਾ ਬੀਬਾ। ਮੇਰਾ ਤਜਰਬਾ ਦੱਸਦਾ ਮੈਨੂੰ ਲੱਗਦਾ ਇਹ ਲੜਕਾ ਤੁਹਾਡੇ ਲਈ ਠੀਕ ਨਹੀਂ।” ਸਿਮਰਨ ਗੁੱਸੇ ਨਾਲ ਕਹਿਣ ਲੱਗੀ,“ਤੁਸੀ ਸਾਡੀ ਕੋਰਟ ਮੈਰਿਜ ਕਰਵਾਉਣੀ ਹੈ ਜਾਂ ਨਹੀ। ਦੱਸੋ। ਪਰ ਤੁਹਾਨੂੰ ਇਹ ਕਹਿਣ ਦਾ ਹੱਕ ਨਹੀ।” ਅੱਗੇ ਵਕੀਲ ਨੇ ਕਿਹਾ ,“ਬੀਬਾ ਮੇਰੀ ਗੱਲ ਧਿਆਨ ਨਾਲ ਸੁਣ। ਇਹ ਲੜਕਾ ਨਸ਼ੇ ਦਾ ਆਦੀ ਹੈ। ਕੰਮ-ਕਾਰ ਤੋ ਵਿਹਲਾ। ਕੀ ਤੂੰ ਇਸਦਾ ਖਰਚ ਪੂਰਾ ਕਰ ਸਕੇਂਗੀ? ।” ਸਿਮਰਨ ਨੂੰ ਵਕੀਲ ਲਖਣਪਾਲ ਦੀ ਗੱਲ ਇਕਦਮ ਸੱਚੀ ਜਾਪਣ ਲੱਗੀ। ਉਸਨੂੰ ਆਪਣੇ-ਆਪ ਨੂੰ ਪਿਛਲੀਆਂ ਘਟਨਾਵਾਂ ਯਾਦ ਕਰਕੇ ਸਭ ਕੁਝ ਸਹੀ ਜਾਪਣ ਲੱਗਾ।ਉਹ ਕੁਝ ਸੋਚ ਕੇ ਕਹਿਣ ਲੱਗੀ, ਫਿਰ ਮੈਂ ਕੀ ਕਰ ਸਕਦੀ ਹਾਂ। ਉਸਨੇ ਕਿਹਾ,“ਤੁਸੀਂ ਵਿਆਹ ਤੋਂ ਟਾਲ ਕਰੋ। ਬਾਕੀ ਮੈਂ ਸੰਭਾਲ ਲਵਾਂਗਾ।” ਗੱਲਾਂ ਕਰਦੇ-ਕਰਦੇ ਲੜਕਾ “ਸੰਦੀਪ” ਵੀ ਕਾਗਜ ਲੈ ਕੇ ਆ ਗਿਆ। ਉਹ ਕਾਗਜ ਵਕੀਲ ਨੂੰ  ਫੜਾ ਕੇ ਬੈਠ ਗਿਆ। ਏਨੇ ਵਿੱਚ ਹੀ ਸਿਮਰਨ ਨੇ ਕਿਹਾ,“ਸੰਦੀਪ ਜੇ ਆਪਾਂ ਇੰਝ ਕਰੀਏ ਕਿ ਮੇਰੀ ਬੀ.ਏ. ਪੂਰੀ ਹੋਣ ਤੱਕ ਵਿਆਹ ਨੂੰ ਰੋਕ ਲਈਏ। ਆਹ ਚਾਰ ਮਹੀਨਿਆਂ ਦੀ ਤਾਂ ਗੱਲ ਆ।” ਉਸ ਨੇ ਵੀ ਇਹ ਗੱਲ ਲਈ ਸਹੀ ਪਾ ਦਿੱਤੀ। ਸੰਦੀਪ ਉਸ ਵੱਲ ਵੇਖਦਾ ਕਹਿਣ ਲੱਗਾ,“ ਜਿਵੇਂ ਤੇਰੀ ਖੁਸ਼ੀ।” ਉਹ ਦੋਵੇ ਚੈਂਬਰ ਵਿੱਚੋ ਬਾਹਰ ਆ ਗਏ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਉਹੀ ਲੜਕਾ ਨਸ਼ੇ ਦੀ ਸਪਲਾਈ ਕਰਨ ਦੇ ਕੇਸ ਵਿੱਚ ਜੇਲ੍ਹ ਚਲਾ ਗਿਆ। ਵਕੀਲ ਨੂੰ ਇਹ ਸਾਰੀ ਘਟਨਾ ਯਾਦ ਆ ਗਈ। ਉਹ ਸਿਮਰਨ ਵੱਲ ਵੇਖ ਕੇ ਕਹਿਣ ਲੱਗਾ,“ਸੰਦੀਪ ਨੂੰ ਤਾਂ ਸਜਾ ਹੋ ਗਈ ਸੀ ਤੇ ਤੁਸੀਂ ?” ਸਿਮਰਨ ਹੱਸਕੇ ਕਹਿਣ ਲੱਗੀ, “ਹਾਂ ਜੀ। ਇਸੇ ਕਰਕੇ ਤੁਹਾਡਾ ਧੰਨਵਾਦ ਕਰਨ ਆਈ ਹਾਂ। ਤੁਹਾਡੀ ਨੇਕ ਸਲਾਹ ਮੰਨ ਕੇ ਮੈਂ ਆਪਣੇ ਪਤੀ ਨਾਲ ਵਿਦੇਸ਼ ਜਾ ਰਹੀ ਹਾਂ।।”
     ਭੁਪਿੰਦਰ ਤੱਗੜAttachments area

LEAVE A REPLY

Please enter your comment!
Please enter your name here