ਕੋਰੋਨਾ ‘ਤੇ ਜਿੱਤ! ਪੰਜਾਬ ਦੇ ਚਾਰ ਜ਼ਿਲ੍ਹੇ ਕੋਰੋਨਾ ਮੁਕਤ, ਇੰਝ ਪਾਈ ਖ਼ਤਰਨਾਕ ਵਾਇਰਸ ਨੂੰ ਮਾਤ

0
84

ਚੰਡੀਗੜ੍ਹ: ਨਵਾਂਸ਼ਹਿਰ ਸਣੇ ਪੰਜਾਬ ਦੇ ਚਾਰ ਜਿਲ੍ਹੇ ਕੋਰੋਨਾ ਮੁਕਤ ਹੋ ਗਏ ਹਨ। ਨਵਾਂ ਸ਼ਹਿਰ ਤੋਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ। ਇੱਥੇ ਸਾਰੇ ਮਰੀਜ਼ ਠੀਕ ਹੋ ਗਏ ਹਨ। ਇਸ ਤੋਂ ਇਲਾਵਾ ਰੋਪੜ, ਮੋਗਾ ਤੇ ਫਾਜ਼ਿਲਕਾ ਵਿੱਚ ਵੀ ਹੁਣ ਕੋਈ ਵੀ ਕੋਰੋਨਾ ਮਰੀਜ਼ ਨਾ ਹੋਣ ਦੀ ਰਿਪੋਰਟ ਹੈ। ਇਸ ਤਰ੍ਹਾਂ ਇਹ ਪੰਜਾਬ ਦੇ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ।

ਕੋਰੋਨਾ ਦੇ ਪਹਿਲੇ ਐਪਿਕ ਸੈਂਟਰ ਬਣੇ ਨਵਾਂਸ਼ਹਿਰ ਨੇ ਕੋਰੋਨਾ ਦੀ ਜ਼ੰਜੀਰ ਨੂੰ 35 ਦਿਨਾਂ ‘ਚ ਮਾਤ ਦੇ ਦਿੱਤੀ ਹੈ। ਜ਼ਿਲ੍ਹੇ ‘ਚ 27 ਮਾਰਚ ਤੋਂ ਇਕ ਵੀ ਕੇਸ ਸਾਹਮਣੇ ਨਹੀਂ ਆਇਆ। ਬੁੱਧਵਾਰ ਆਖਰੀ ਮਰੀਜ਼ ਵੀ ਠੀਕ ਹੋ ਗਿਆ। ਨਵਾਂਸ਼ਹਿਰ ‘ਚ ਹੁਣ ਇਕ ਵੀ ਮਰੀਜ਼ ਨਹੀਂ। ਇੱਥੇ ਪਹਿਲਾ ਮਾਮਲਾ 19 ਮਾਰਚ ਨੂੰ ਸਾਹਮਣੇ ਆਇਆ ਸੀ ਤੇ ਫਿਰ 26 ਮਾਰਚ ਤਕ ਇਹ ਸੰਖਿਆ ਉਸ ਸਮੇਂ ਤਕ ਪੰਜਾਬ ‘ਚ ਸਭ ਤੋਂ ਜ਼ਿਆਦਾ ਯਾਨੀ 19 ਤਕ ਪਹੁੰਚ ਗਈ।

ਹੁਣ 35 ਦਿਨ ਬਾਅਦ ਨਵਾਂਸ਼ਹਿਰ ‘ਚ ਇਕ ਵੀ ਮਾਮਲਾ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਠੀਕ ਹੋਣ ਵਾਲੇ ਮਰੀਜ਼ਾਂ ‘ਚ ਦੋ ਸਾਲ ਦੇ ਬੱਚੇ ਤੋਂ ਲੈਕੇ 73 ਸਾਲ ਦੇ ਬਜ਼ੁਰਗ ਵੀ ਸ਼ਾਮਲ ਹਨ। ਬੁੱਧਵਾਰ ਅੰਤਿਮ ਪੌਜ਼ਟਿਵ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਸਨੂੰ ਵੀ ਘਰ ਭੇਜ ਦਿੱਤਾ ਗਿਆ। ਹੁਣ ਨਵਾਂਸ਼ਹਿਰ ਨੂੰ ਕੋਰੋਨਾ ਮੁਕਤ ਐਲਾਨ ਦਿੱਤਾ ਗਿਆ ਹੈ।

ਰੋਪੜ ਦੇ ਪਿੰਡ ਚਤਾਮਲੀ ਦੀ ਮਹਿਲਾ ਸਰਪੰਚ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਰੋਪੜ ਜ਼ਿਲ੍ਹਾ ਵੀ ਕੋਰੋਨਾ ਮੁਕਤ ਹੋ ਗਿਆ ਹੈ। ਮਹਿਲਾ ਦਾ 16 ਸਾਲਾ ਬੇਟਾ ਵੀ ਸਿਹਤਮੰਦ ਹੋ ਗਿਆ ਹੈ। ਚਤਾਮਲੀ ਪਿੰਡ ਦੇ ਸਭ ਤੋਂ ਪਹਿਲੇ ਪੌਜ਼ਟਿਵ ਮੋਹਨ ਸਿੰਘ ਦੇ ਸੰਪਰਕ ‘ਚ ਆਉਣ ਤੇ 16 ਸਾਲਾ ਬੇਟਾ ਤੇ ਸਰਪੰਚ ਪਤਨੀ ਵੀ ਪੌਜ਼ਟਿਵ ਹੋ ਗਏ ਸਨ। ਉਨ੍ਹਾਂ ਕਿਹਾ ਸਿਰਫ਼ ਸਾਵਧਾਨੀ, ਸਮਾਜਿਕ ਦੂਰੀ ਤੇ ਨਿਯਮਾਂ ਦਾ ਪਾਲਣ ਕਰਨਾ ਹੀ ਬਿਮਾਰੀ ਦਾ ਬਚਾਅ ਹੈ।

LEAVE A REPLY

Please enter your comment!
Please enter your name here