-ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ ਨਾਲ ਕੀਤੀ ਮੀਟਿੰਗ

0
88

ਮਾਨਸਾ, 09 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ)): ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਆੜ੍ਹਤੀਆ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਹਾਜਰ ਮੰਡੀ ਬੋਰਡ ਦੇ ਅਧਿਕਾਰੀਆ ਅਤੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੰਡੀਆਂ ਵਿਚ ਵੀ ਸਾਫ ਸਫਾਈ ਅਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਯੋਗ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਅਧੀਨ ਆਉਂਦੀਆਂ ਵੱਖ-ਵੱਖ ਮਾਰਕਿਟ ਕਮੇਟੀਆਂ ਦੇ ਕੁੱਲ 115 ਖਰੀਦ ਕੇਂਦਰ ਘੋਸ਼ਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 200 ਤੋਂ ਵੱਧ ਸ਼ੈੱਲਰਾਂ ਨੂੰ ਮੰਡੀ ਯਾਰਡ ਘੋਸ਼ਿਤ ਕਰਨ ਲਈ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ। ਇਸ ਵਾਰ ਜ਼ਿਲ੍ਹੇ ਅੰਦਰ ਲਗਭਗ 7 ਲੱਖ ਮੀਟਰਿਕ ਟਨ ਕਣਕ ਆਉਣ ਦੀ ਉਮੀਦ ਹੈ। ਇਸ ਕਣਕ ਨੂੰ 15 ਅਪ੍ਰੈਲ ਤੋਂ 31 ਮਈ ਤੱਕ 45 ਦਿਨਾਂ ਵਿਚ ਤਰਤੀਬਵਾਰ ਖਰੀਦ ਕੀਤਾ ਜਾਵੇਗਾ। ਮਾਰਕਿਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ ਉਨ੍ਹਾਂ ਦੀ ਪਿਛਲੀ ਸਾਲ ਦੀ ਆਮਦ ਦੇ ਹਿਸਾਬ ਨਾਲ ਟੋਕਨ ਜਾਰੀ ਕੀਤਾ ਜਾਵੇਗਾ। ਇਹ ਟੋਕਨ ਇਕ ਆੜ੍ਹਤੀਏ ਵੱਲੋਂ ਸ਼ੈੱਲਰ ਵਿਚ ਦਿਨ ਦੀ ਆਮਦ ਨੂੰ ਤੈਅ ਕਰੇਗਾ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਰਜਨੀਸ਼ ਗੋਇਲ ਨੇ ਕੋਰੋਨਾ ਵਾਇਰਸ ਦੇ ਬਚਾਓ ਲਈ ਕੀਤੇ ਪ੍ਰਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਮੰਡੀਆਂ ਵਿਚ ਹੈਂਡ ਵਾਸ਼ਿੰਗ ਅਤੇ ਸੈਨੀਟਾਈਜਿੰਗ ਸਿਸਟਮ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਮੰਡੀਆਂ ਵਿਚ 30-30 ਫੁੱਟ ਦੀ ਮਾਰਕਿੰਗ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਸ੍ਰੀ ਚਮਕੌਰ ਸਿੰਘ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ  ਮਾਨਸਾ ਸ੍ਰੀ ਮੁਨੀਸ਼ ਕੁਮਾਰ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬੁਢਲਾਡਾ ਸ੍ਰੀ ਕੇਸ਼ੋ ਰਾਮ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬਰੇਟਾ ਸ੍ਰੀ ਜਤਿੰਦਰ ਮੋਹਨ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਰਦੂਲਗੜ੍ਹ ਸੀ੍ਰ ਪਵਨ ਕੁਮਾਰ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬੋਹਾ ਸ੍ਰੀ ਜਗਦੀਸ਼ ਰਾਏ ਗੋਇਲ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਭੀਖੀ ਸ੍ਰੀ ਸੱਤਪਾਲ ਮੌਜੂਦ ਸਨ।

LEAVE A REPLY

Please enter your comment!
Please enter your name here