
ਅੰਮ੍ਰਿਤਸਰ: ਹਸ਼ਿਆਰਪੁਰ ਦੇ ਪਿੰਡ ਪੈਂਥਰਾ ਦਾ ਵਾਸੀ ਹਰਜਿੰਦਰ ਸਿੰਘ, ਜਿੰਨ੍ਹਾਂ ਦੀ ਉਮਰ ਕਰੀਬ 65 ਸਾਲ ਹੈ, ਨੇ ਕੋਰੋਨਾ ਵੁਰੱਧ ਜੰਗ ਜਿੱਤ ਲਈ ਹੈ। ਲਗਪਗ 16 ਦਿਨਾਂ ਬਾਅਦ ਉਹ ਤੰਦਰੁਸਤ ਹੋ ਕੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਆਪਣੇ ਪਿੰਡ ਗਏ। ਇਸ ਮੌਕੇ ਖੁਸ਼ੀ ‘ਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਮੋਰਾਂਵਾਲੀ ਪਿੰਡ ਦੇ ਕੋਰੋਨਾ ਪ੍ਰਭਵਿਤ ਮਰੀਜ਼ ਦੇ ਸੰਪਰਕ ‘ਚ ਸੀ ਅਤੇ ਕੁੱਝ ਦਿਨਾਂ ਬਾਅਦ ਮੈਨੂੰ ਕੋਰੋਨਾ ਦੇ ਕੁੱਝ ਲੱਛਣ ਮਹਿਸੂਸ ਹੋਏ, ਜਿਸ ‘ਤੇ ਉਹ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ, ਜਿੱਥੇ ਕੋਰੋਨਾ ਟੈਸਟ ਕਰਕੇ 2 ਅਪਰੈਲ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਇੱਥੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਅਤੇ ਖਾਣ ਲਈ ਚੰਗੀ ਖੁਰਾਕ ਵੀ ਦਿੱਤੀ। ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਡਾਕਟਰਾਂ ‘ਤੇ ਭਰੋਸਾ ਰੱਖਿਆ ਅਤੇ ਜਿੰਦਗੀ ਪ੍ਰਤੀ ਹੌਸਲਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਪਹਿਲੇ 2 ਕੁ ਦਿਨ ਮੈਨੂੰ ਸਾਹ ਦੀ ਤਕਲੀਫ ਮਹਿਸੂਸ ਹੋਈ ਸੀ, ਪਰ ਡਾਕਟਰਾਂ ਵੱਲੋਂ ਕੀਤੇ ਇਲਾਜ ਸਦਕਾ ਮੈਂ ਸਿਹਤਯਾਬ ਹੋਇਆ ਹਾਂ। ਉਨ੍ਹਾਂ ਹਸਪਤਾਲ ‘ਚ ਹੋਏ ਇਲਾਜ ਤੇ ਮਿਲੀ ਖੁਰਾਕ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦੇ ਕਿਹਾ ਕਿ ਇੰਨਾਂ ਸਾਰਿਆਂ ਦੀ ਬਦੌਲਤ ਹੀ ਮੈਂ ਮੁੜ ਘਰ ਨੂੰ ਚੱਲਿਆ ਹਾਂ।
ਇਸੇ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਇਲਾਜ ਤੋਂ 15 ਦਿਨ ਬਾਅਦ 17 ਅਪਰੈਲ ਅਤੇ ਫਿਰ 18 ਅਪਰੈਲ ਨੂੰ ਹਰਜਿੰਦਰ ਸਿੰਘ ਦਾ ਮੈਡੀਕਲ ਟੈਸਟ ਕੀਤਾ ਗਿਆ ਸੀ, ਜਿਸ ਦੇ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਵੀ ਹਰਜਿੰਦਰ ਨੂੰ ਫੋਨ ‘ਤੇ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਸਪਤਾਲ ਪ੍ਰਬੰਧਾਂ ਬਾਰੇ ਫੀਡ ਬੈਕ ਲਿਆ।
