21ਵੀ ਸਦੀ ਚ ਵੀ ਵਸਤੂ ਵਾਂਗ ਵੇਚੀ ਵੱਟੀ ਜਾਂਦੀ ਔਰਤ ਦੇ ਬਹੁਪਰਤੀ ਦੁਖਾਂਤ ਦੀ ਸਫ਼ਲ ਪੇਸ਼ਕਾਰੀ ਨਾਟਕ ਝਨਾਂ ਦਾ ਪਾਣੀ

0
16

ਫ਼ਰੀਦਕੋਟ/10 ਮਾਰਚ/ਸੁਰਿੰਦਰ ਮਚਾਕੀ:-ਫ਼ਿਰਦੌਸ ਰੰਗ ਮੰਚ ਫ਼ਰੀਦਕੋਟ ਵਲੋ ਕਰਵਾਏ ਜਾ ਰਹੇ ਨਾਟਕ ਮੇਲੇ ਦੇ ਤੀਜੇ ਦਿਨ ਦੀ ਵਿਸ਼ੇਸ਼ ਪੇਸ਼ਕਾਰੀ ਪ੍ਰੋ ਅਜਮੇਰ ਔਲਖ ਦਾ ਲਿਖਿਆ ਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਨਿਰਦੇਸ਼ਕ ਇਕੱਤਰ ਸਿੰਘ ਦੀ ਨਿਰਦੇਸ਼ਨਾ ਚ ਖੇਡਿਆ ਨਾਟਕ’ ਝਨਾਂ ਦਾ ਪਾਣੀ ਰਿਹਾ । ਦੇਵੀਆਂ ਪੂਜਣ ਵਾਲੇ ਸਮਾਜ ਚ ਉਸ ਔਰਤ ਜਿਸਨੂੰ ਜੱਗ ਜਣਨੀ ਕਿਹਾ ਜਾਂਦਾ ਹੈ ਤੇ ਜਿਸ ਦੇ ਹੱਕ ‘ਚ ਜਿੰਨ ਜੰਮੇ ਰਾਜਨ ਕਹਿਕੇ ਨਾ ਨਿੰਦਣ ਦਾ ਹੋਕਾ 15ਵੀ ਸਦੀ ਵਿੱਚ ਦਿੱਤਾ ਗਿਆ ਸੀ ਅੱਜ 21 ਵੀ ਸਦੀ ਵਿੱਚ ਵੀ ਵੇਚਣ ਵੱਟਣ ਵਾਲੀ ਸ਼ੈਅ ਸਮਝਿਆ ਜਾਣਿਆ ਜਾਂਦਾ ਹੈ । ਗੰਗਾ ਦੇਵੀ ਉਰਫ਼ ਗੰਗੀ ਤੋ ਬਣੀ ਜਾਂ ਇਓਂ ਕਹਿ ਲਈਏ ਕਿ ਬਣਾਈ ਹਰਬੰਸ ਕੁਰ ਦੀ ਕਹਾਣੀ ਇਕ ਗੰਗਾ ਦੀ ਹੀ ਨਹੀ ਅਣਗਿਣਤ ਗੰਗਾ ਤੋ ਬਣਾਈਆਂ ਹਰਬੰਸ ਕੁਰਾਂ ਦੀ ਬਹੁ ਤ੍ਰਾਸਦਿਕ ਕਹਾਣੀ ਹੈ ਜਿਨ੍ਹਾਂ ਨੂੰ ਗੁਰਬਤ ਦੇ ਮਾਰੇ ਮਾਪਿਆਂ ਵਲੋ ਜ਼ਮੀਨੋ ਥੁੜ੍ਹੇ ਭਗਤੀ ਜਾਂ ਭਗਤੀ ਵਰਗਿਆਂ ਦੇ ਘਰ ਦਾ ਚੁੱਲ੍ਹਾ ਬਾਲਣ ਜਾਂ ਫਿਰ ਉਨ੍ਹਾਂ ਦੀ ਜੜ੍ਹ ਲਾਉਣ ਲਈ, ਨੂੰ ਵੇਚਿਆ ਜਾਂਦਾ ਹੈ । ਕਈ ਵਾਰ ਤਾਂ ਇਹ ਥੁੜ੍ਹ ਅਗੇ ਤੋ ਅਗੇ ਵੇਚ ਵਟ ਦਾ ਕਿੰਨੇ ਹੀ ਨੌਰੰਗਿਆਂ ਦਾ ਧੰਦਾ ਬਣਦੀ ਹੈ। ਕਦੇ ਜੂਐ ਚ ਵਸਤੂ ਵਜੋ ਹਾਰੀ ਵਾਲੀ ਔਰਤ। ਵਸਤੂ ਜਿਆਦਾਤਰ ਅੱਜ ਵੀ ਵਸਤੂ ਹੀ ਸਮਝੀ ਜਾਂਦੀ ਹੈ ਉਹ ਵਸਤੂ ਜਿਸਦੀ ਮਰਜੀ ਹੁੰਦਿਆ ਵੀ ਕੋਈ ਮਰਜੀ ਨਹੀ ਜਿਹੜੀ ਜ਼ੁਬਾਨ ਹੁੰਦਿਆ ਵੀ ਬੋਲ ਨਹੀ ਸਕਦੀ ।
ਗੰਗੀ ਤੋ ਬਣੀ ਹਰਬੰਸ ਕੁਰ ਸਾੜ੍ਹੀ ਨਾਲ ਕਮੀਜ਼ ਸਲਵਾਰ ਹੀ ਨਹੀ ਅਪਨਾਉਦੀ ਸਗੋ ਇਕ ਸਭਿਆਚਾਰ ਛੱਡ ਦੂਜਾ ਸਭਿਆਚਾਰ ਤੇ ਰਹੁ ਰੀਤਾਂ ਵੀ ਚਾਹੇ ਅਣਚਾਹੇ ਅਪਨਾਉਦੀ ਹੈ । ਆਪਣੀ ਹੋਂਦ ਆਪਣਾ ਘਰ ਤੇ ਆਪਣੀ ਜੜ੍ਹ ਲਈ ਸਹਿਕਦੀ ਔਰਤ ਦੀ ਜੇ ਇਹ ਤਰਾਸਦੀ ਹੈ ਤਾਂ ਖੋਰਾ ਦਰ ਖੁਰਦੀ ਆ ਰਹੀ ਕਿਸਾਨੀ ਦੀ ਵੀ ਤ੍ਰਾਸਦੀ ਹੈ ਜਿਸਦੇ ਸਿਆੜਾਂ ਤੋ ਥੁੜ੍ਹਿਆਂ ਨੂੰ ਸਰੀਰਕ ਤੇ ਸਮਾਜਿਕ ਲੋੜਾਂ ਦੀ ਪੂਰਤੀ ਲਈ ਤੇ ਵੰਸ਼ ਤੋਰਨ ਜਾਂ ਜੜ੍ਹ ਲਾਉਣ ਲਈ ਮੁੱਲ ਦੀ ਤੀਵੀਂ ਜਾਂ ਫ਼ਿਰ ਕੁਦੇਸਣ ਲਿਆਉਣ ਦਾ ਹੂਲਾ ਫੱਕਣਾ ਪੈਦਾ ਹੈ।
ਸਮਾਜਕ ਕੁਰੀਤੀਆਂ ਤੇ ਪਿਤਾਪੁਰਖੀ ਸੱਤਾ ਦਾਬੇ ਚ ਉਪਜੀ ਤੇ ਵਧ ਫੁੱਲ ਰਹੀ ਭਰੂਣ ਹੱਤਿਆ ਕਾਰਨ ਵਿਗੜ ਰਹੇ ਜਿਨਸੀ ਤਵਾਜਨ ਦੇ ਰੁਝਾਨ ਨਾਲ ਜੁੜੇ ਇਕ ਹੋਰ ਪੱਖ ਦਾ ਦੁਖਾਂਤਕ ਅਸਰ ਹਰਿਆਣਾ ਤੇ ਪੰਜਾਬ ਦੇ ਕਈ ਹਿਸਿਆ ਸਮੇਤ ਹੋਰ ਵੀ ਕਈ ਜਗ੍ਹਾ ਵੱਟੇ / ਮੁੱਲ ਦੇ ਸਾਕ ਸਮੇਤ ਮੁੱਲ ਦੀ ਤੀਵੀਂ ਲਿਆਉਣ ਦਾ ਰਿਵਾਜ ਹੈ।
ਜਦੋ ਪਾਣੀ ਸਿਰੋਂ ਲੰਘਦਾ ਦਿਸੇ ਤਾਂ ਫਿਰ ਗੰਗੀ ਉਰਫ਼ ਹਰਬੰਸ ਕੁਰ ਚੰਡੀ ਵੀ ਬਣ ਸਕਦੀ ਹੈ ਜਿਵੇ ਇਸ ਨਾਟਕ ਚ ਬਣੀ। ਔਲਖ ਦੇ ਨਾਟਕ ਇਕ ਰਮਾਇਣ ਹੋਰ ਦੀ ਨਾਇਕਾ ਤੇ ਝਨਾਂ ਦੇ ਪਾਣੀ ਦੀ ਨਾਇਕਾ ਚ ਇਹ ਤਬਦੀਲੀ ਪ੍ਰਸਥਿਤੀਆਂ ਨਾਲ ਸਮਝੌਤੇ ਤੋ ਪ੍ਰਸਥਿਤੀਆਂ ਨਾਲ ਲੜਨ ਤੇ ਇਸ ਨੂੰ ਬਦਲਣ ਵਲ ਨਾਟਕਕਾਰ ਦੀ ਸਮਝ ਸੂਝ ਦਾ ਵਿਕਾਸ ਹਾਂ ਪੱਖੀ ਸੁਨੇਹਾ ਸਮਝਿਆ ਜਾ ਸਕਦਾ ਹੈ ।
ਹਾਲਾਂਕਿ ਮੰਦਬੁੱਧੀ ਦਰਸ਼ਨ ਕੁੱਝ ਸੰਵਾਦ ਅਤਿ ਕਥਨੀ ਤੇ ਅਣ ਵਿਹਾਰਕ ਵੀ ਜਾਪਦੇ ਹਨ । ਇਕ ਸੀਨ ਤੋ ਦੂਜੇ ਸੀਨ ਵਿਚਕਾਰਲੀ ਵਿੱਥ ਕਾਰਨ ਮੰਚ ਖਾਲ੍ਹੀ ਰਹਿਣਾ ਅੱਖੜਦਾ ਪਰ ਕਈ ਸੀਨ ਕਾਫੀ ਭਾਵੁਕ ਕਰਨ ਵਾਲੇ ਸਨ ਜਿਨ੍ਹਾਂ ਨੇ ਦਰਸ਼ਕਾਂ ਦੀ ਅੱਖਾਂ ਵੀ ਨਮ ਕੀਤੀਆਂ ।

LEAVE A REPLY

Please enter your comment!
Please enter your name here