*1 ਮਈ ਤੋਂ 18 ਤੋਂ 44 ਸਾਲ ਵਾਲਿਆਂ ਨੂੰ ਵੈਕਸੀਨ ਲੱਗਣੀ ਮੁਸ਼ਕਲ, ਸਰਕਾਰ ਨੇ ਕੀਤੇ ਹੱਥ ਖੜ੍ਹੇ, ਕਿਹਾ, ਸਾਡੇ ਕੋਲ ਸਟਾਕ ਹੀ ਨਹੀਂ*

0
37

ਨਵੀਂ ਦਿੱਲੀ 28,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਇੱਕ ਮਈ ਤੋਂ ਤੀਜੇ ਗੇੜ ਦੀ ਵੈਕਸੀਨੇਸ਼ਨ ਨੂੰ ਲੈ ਕੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਟੀਕਾਕਰਨ ਲਈ ਦਵਾਈਆਂ ਦਾ ਸਟਾਕ ਹੀ ਨਹੀਂ। 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨੇਸ਼ਨ ਮੁਹਿੰਮ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਸਾਨੂੰ ਟੀਕਾਕਰਨ ਲਈ ਹਾਲੇ ਤੱਕ ਕੋਈ ਸ਼ਡਿਊਲ ਨਹੀਂ ਮਿਲਿਆ। ਇਸ ਦੌਰਾਨ ਸਤੇਂਦਰ ਜੈਨ ਨੇ ਦਿੱਲੀ ’ਚ ਕੋਰੋਨਾ ਦੀ ਹਾਲਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ।

ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ, ਫ਼ਿਲਹਾਲ ਸਾਡੇ ਕੋਲ ਵੈਕਸੀਨ ਨਹੀਂ। ਵੈਕਸੀਨ ਖ਼ਰੀਦਣ ਨੂੰ ਲੈ ਕੇ ਕੰਪਨੀ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਜਿਵੇਂ ਹੀ ਵੈਕਸੀਨ ਉਪਲਬਧ ਹੋਵੇਗੀ, ਅਸੀਂ ਇਸ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਦੇਵਾਂਗੇ।

ਸਤੇਂਦਰ ਜੈਨ ਨੇ ਦੱਸਿਆ ਕਿ ਦਿੱਲੀ ’ਚ ਬੁੱਧਵਾਰ ਨੂੰ ਕੋਰੋਨਾ ਦੇ 25,986 ਪੌਜ਼ੇਟਿਵ ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦਿੱਲੀ ’ਚ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 31.76 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਸਤਯੇਂਦਰ ਜੈਨ ਨੇ ਇਹ ਵੀ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਦਿੱਲੀ ਵਿੱਚ 20,000 ਤੋਂ ਵੱਧ ਕੇਸ ਆ ਰਹੇ ਹਨ। ਚਾਰ ਦਿਨ ਪਹਿਲਾਂ ਪਾਜ਼ਿਟੀਵਿਟੀ ਦਰ 35 ਫ਼ੀਸਦੀ ਉੱਤੇ ਪੁੱਜ ਗਈ ਸੀ, ਜੋ ਹੁਣ ਥੋੜ੍ਹੀ ਘਟੀ ਹੈ। ਟੈਸਟਿੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਦਿੱਲੀ ’ਚ ਕੋਰੋਨਾ ਦੇ ਸੰਭਾਵੀ ਮਰੀਜ਼ਾਂ ਦੀ ਟੈਸਟਿੰਗ ਘੱਟ ਨਹੀਂ ਹੋਈ। ਟੈਸਟਿੰਗ ਵਿੱਚ ਵੀ ਕੋਈ ਵੀ ਕਮੀ ਨਹੀਂ ਆਈ ਹੈ।

ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਭਾਰਤ ਦੇ ਮੈਡੀਕਲ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਤੇ ਆਕਸੀਜਨ, ਕਿਤੇ ਵੈਂਟੀਲੇਟਰ ਤੇ ਕਿਸੇ ਹਸਪਤਾਲ ’ਚ ਬਿਸਤਰਿਆਂ ਦੀ ਵੱਡੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here