ਮਾਨਸਾ, 13 ਜੂਨ-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰ:ਜਸਪ੍ਰੀਤ ਸਿੰਘ ਆਈ.ਏ.ਐਸ.ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਮਾਨਸਾ, ਡਾ.ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਮਾਨਸਾ ਵਿਖੇ ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ਤੇ 14 ਜੂਨ ਨੂੰ ਸੀ.ਐਚ.ਸੀ.(ਸਰਕਾਰੀ ਹਸਪਤਾਲ ) ਬਰੇਟਾ ਅਤੇ ਗੁਰੂਘਰ ਪਿੰਡ ਕੋਟਧਰਮੂ ਅਤੇ ਬੁਢਲਾਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ,ਇਸ ਮੌਕੇ ਜਾਣਕਾਰੀ ਡਾ.ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕਿਸੇ ਵੀ ਕਾਰਨਾਂ ਕਰਕੇ ਹਾਦਸਾਗ੍ਰਸਤ ਮਰੀਜ਼ਾਂ ਜਾਂ ਕਿਸੇ ਹੋਰ ਬੀਮਾਰੀ ਤੋਂ ਪੀਡ਼ਤ ਵਿਅਕਤੀਆਂ ਨੂੰ ਅਪਰੇਸ਼ਨ ਸਮੇਂ ਜਾਂ ਥੈਲੀਸੀਮੀਆ ਦੇ ਮਰੀਜ਼ਾਂ ਨੂੰ, ਗਰਭਵਤੀ ਮਾਵਾਂ ਡਿਲਵਰੀ ਅਤੇ ਸੀਜ਼ੇਰੀਅਨ ਦੌਰਾਨ ਖੂਨ ਦੀ ਵਰਤੋਂ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ,ਸੋ ਖੂਨ ਦਾਨ ਇਕ ਮਹਾਦਾਨ ਦੇ ਨਾਅਰੇ ਹੇਠ ਪੰਜਾਬ ਸਰਕਾਰ ਦੀ ਤਰਫੋੰ 14 ਜੂਨ ਤੋਂ 14 ਜੁਲਾਈ 2022 ਤੱਕ ਸਰਕਾਰੀ ਅਤੇ ਗ਼ੈਰਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ, ਸੋ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਪੁੰਨ ਦੇ ਕੰਮ ਵਿਚ ਵੱਧ ਤੋਂ ਵੱਧ ਖੂਨਦਾਨ ਕਰਕੇ ਭਾਗੀ ਬਣ ਕੇ ਆਪਣੀ ਮਹਾਨ ਅਹੋਤੀ ਪਾਓ। ਇਸ ਸਮੇਂ ਡਾ ਬਬੀਤਾ ਜ਼ਿਲਾ ਬਲੱਡ ਟਰਾਂਸਫਿਊਜ਼ਨ ਅਫ਼ਸਰ ਨੇ ਦੱਸਿਆ ਕਿ ਹਰੇਕ ਤੰਦਰੁਸਤ ਵਿਅਕਤੀ ਇਕ ਸਾਲ ਵਿਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ । ਨਾਲ ਹੀ ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਕਮਜ਼ੋਰੀ ਨਹੀਂ ਆਉਂਦੀ ।ਜਿਸ ਮਰੀਜ਼ ਨੂੰ ਖ਼ੂਨ ਦੀ ਜ਼ਰੂਰਤ ਹੈ ਉਸ ਨੂੰ ਖ਼ੂਨ ਦੇ ਕੇ ਹੀ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਦਾ ਹੋਰ ਕੋਈ ਬਦਲ ਨਹੀਂ ਹੈ।