ਮਾਨਸਾ 12 ਜੂਨ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਹੁਣ ਅਧਿਆਪਕਾਂ ਦੀਆਂ ਸਮੱਸਿਆਵਾਂ ਜ਼ਿਲ੍ਹਾ ਅਤੇ ਸਟੇਟ ਦਫਤਰਾਂ ਦੀਆਂ ਫਾਇਲਾਂ ਵਿੱਚ ਅਟਕੀਆਂ ਨਹੀਂ ਰਹਿਣਗੀਆਂ ਅਤੇ ਨਾ ਹੀ ਉਨ੍ਹਾਂ ਨੂੰ ਦਫਤਰਾਂ ਦੇ ਚੱਕਰ ਕੱਟਣੇ ਪੈਣਗੇ ,ਸਗੋਂ ਉਹ ਘਰ ਬੈਠੇ ਹੀ ਅਪਣੇ ਮਸਲਿਆਂ ਦੇ ਪੱਤਰਾਂ ਨੂੰ ਦਫਤਰਾਂ ਵੱਲ ਤੋਰ ਸਕਣਗੇ। ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਅਧਿਆਪਕਾਂ ਦੀਆਂ ਸਮੱਸਿਆਵਾਂ/ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਨਵਾਂ ਸਾਫਟਵੇਅਰ ਤਿਆਰ ਕੀਤਾ ਹੈ,ਜਿਸ ਤਹਿਤ ਈ ਪੰਜਾਬ ਸਕੂਲ ਪੋਰਟਲ ਤੇ ਅਧਿਆਪਕ ਅਪਣੇ ਮਸਲਿਆਂ ਨੂੰ ਅਪਣੇ ਨਿੱਜੀ ਅਕਾਊਂਟ ਵਿਚੋਂ ਆਨਲਾਈਨ ਅਪਲਾਈ ਕਰ ਸਕਣਗੇ।
ਸਿੱਖਿਆ ਸਕੱਤਰ ਵੱਲ੍ਹੋਂ ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੂੰ ਮੀਮੋ ਨੰ.15/55-2019 ਕੋ ਸੈੱਲ (1)133950 ਮਿਤੀ 08.06.2020 ਤਹਿਤ ਜਾਰੀ ਪੱਤਰ ਵਿੱਚ ਕਿਹਾ ਕਿ ਅਧਿਆਪਕ ਅਤੇ ਵਿਭਾਗ ਦੇ ਹੋਰ ਕਰਮਚਾਰੀ ਆਪਣੇ ਮਸਲਿਆਂ ਸਬੰਧੀ ਸ਼ਿਕਾਇਤਾਂ ਸਕੂਲ ਮੁੱਖੀ,ਜ਼ਿਲ੍ਹਾ ਸਿੱਖਿਆ ਦਫਤਰਾਂ ਅਤੇ ਮੁੱਖ ਦਫਤਰ ਵਿਖੇ ਦਿੰਦੇ ਹਨ,ਜਿਸ ਕਾਰਨ ਇਸ ਪ੍ਰਕਿਰਿਆ ਚ ਅਧਿਆਪਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਅਤੇ ਕਾਗਜ਼ੀ ਕਾਰਵਾਈਆਂ ਚ ਲੰਬਾ ਸਮਾਂ ਲੱਗਦਾ ਹੈ,ਜਿਸ ਕਾਰਨ ਅਧਿਆਪਕਾਂ ਨੂੰ ਅਜਿਹੀਆਂ ਖੱਜਲ ਖੁਆਰੀਆਂ ਅਤੇ ਸਮੇਂ ਦੀ ਬਰਬਾਦੀ ਤੋਂ ਬਚਣ ਲਈ ਇਕ ਸਾਫਟਵੇਅਰ ਤਿਆਰ ਕੀਤਾ ਹੈ,ਜਿਸ ਤਹਿਤ ਅਧਿਆਪਕ ਘਰ ਬੈਠੇ ਅਪਣੇ ਨਿਜੀ ਅਕਾਊਂਟ ਚੋ ਆਨਲਾਈਨ ਅਪਲਾਈ ਕਰ ਸਕਦੇ ਹਨ।
ਬੇਸ਼ੱਕ ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਤਹਿਤ ਅਧਿਆਪਕਾਂ ਦੇ ਹਰ ਤਰ੍ਹਾਂ ਦੇ ਵਿਭਾਗੀ ਮਸਲੇ ਹੱਲ ਕਰਨ ਚ ਤੇਜ਼ੀ ਆਈ ਹੈ, ਪਰ ਇਸ ਦੇ ਬਾਵਜ਼ੂਦ ਅਧਿਆਪਕਾਂ ਦੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਆਨਲਾਈਨ ਸ਼ਿਕਾਇਤਾਂ, ਸਮੱਸਿਆਵਾਂ ਲਈ ਇਕ ਸਾਫਟਵੇਅਰ ਤਿਆਰ ਕੀਤਾ ਹੈ,ਜਿਸ ਦਾ ਵੱਖ ਵੱਖ ਧਿਰਾਂ ਨੇ ਸਵਾਗਤ ਕੀਤਾ ਹੈ।