
ਬਰੇਟਾ : (ਸਾਰਾ ਯਹਾਂ/ਰੀਤਵਾਲ) ਪੰਜਾਬ ਸਰਕਾਰ ਤੇ ਸਬੰਧਤ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਲੋੜੀਦੇ ਇਲਾਜ਼, ਟੈਸਟ ਤੇ ਦਵਾਈਆਂ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਹੀ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਬਰੇਟਾ ਦੇ ਸਿਵਲ ਹਸਪਤਾਲ ‘ਚ ਆਉਣ ਵਾਲੇ ਮਰੀਜ਼ ਡਾਕਟਰਾਂ ਤੇ ਸਟਾਫ ਦੀ ਘਾਟ ਕਾਰਨ ਲੋੜੀਂਦੇ ਇਲਾਜ ਤੇ ਸਹੂਲਤਾਂ ਤੋਂ ਸੱਖਣੇ ਹੋਏ ਬਹੁਤ ਪ੍ਰੇਸ਼ਾਨ ਤੇ ਨਿਰਾਸ਼ ਨਜ਼ਰ ਆਉਂਦੇ ਹਨ ਕਿੳਂਕਿ ਇਨ੍ਹਾਂ ਮਰੀਜ਼ਾਂ ਨੂੰ ਆਪਣਾ ਇਲਾਜ਼ ਤੇ ਟੈੱਸਟ ਆਦਿ ਬਾਹਰੋਂ ਨਿੱਜੀ ਹਸਪਤਾਲਾਂ ਤੇ ਲੈਬਾਂ ਆਦਿ ਤੋਂ ਮਹਿੰਗੇ ਭਾਅ ਤੇ ਕਰਵਾਉਣਾ ਪੈ ਰਿਹਾ ਹੈ । ਅਕਸਰ ਦੇਖਣ ‘ਚ ਆਉਂਦਾ ਹੈ ਕਿ ਜਦ ਕਿਸੇ ਸੀਰੀਅਸ ਮਰੀਜ਼ ਨੂੰ ਇਲਾਜ਼ ਦੇ ਲਈ ਹਸਪਤਾਲ ‘ਚ ਲਿਆਦਾ ਜਾਂਦਾ ਹੈ ਤਾਂ ਤੁਰੰਤ ਉਸਨੂੰ ਰੈਫਰ ਕਰ ਦਿੱਤਾ ਜਾਂਦਾ ਹੈ । ਇਸੇ ਕਰਕੇ ਇਸ ਹਸਪਤਾਲ ਨੂੰ ਰੈਫਰ ਕਰਨ ਵਾਲੇ ਹਸਪਤਾਲ ਦੇ ਨਾਮ ਨਾਲ ਵੀ ਜਾਣਾ ਜਾਂਦਾ ਹੈ । ਕਈ ਵਾਰ ਤਾਂ 20-40 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬੁਢਲਾਡਾ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਰਸਤੇ ਵਿੱਚ ਹੀ ਦਮ ਤੋੜ ਦਿੰਦੇ ਹਨ । ਇਸ ਸਮੇਂ ਹਸਪਤਾਲ ਵਿੱਚ ਸਿਰਫ ਦੋ ਡਾਕਟਰਾਂ ਅਤੇ ਇੱਕ ਐਸ.ਓ.ਐੱਮ ਦੁਆਰਾ ਹੀ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ । ਵੱਡੀ ਸਮੱਸਿਆਂ ਇਹ ਵੀ ਹੈ ਕਿ ਔਰਤਾਂ ਦੇ ਜਣੇਪੇ ਅਤੇ ਚੈਕਅੱਪ ਦੇ ਲਈ ਇੱਥੇ ਇੱਕ ਵੀ ਮਹਿਲਾ ਡਾਕਟਰ ਨਹੀ ਹੈ । ਜਦ ਖਾਲੀ ਪਈਆਂ ਆਸਮੀਆਂ ਨੂੰ ਲੈ ਕੇ ਬਰੇਟਾ ਦੇ ਐਸ.ਐਮ.ਓ. ਜਾਗੇਸ਼ ਚੰਦਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਕੁੱਲ 54 ਦੇ ਕਰੀਬ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਸਮੀਆਂ ਹਨ । ਜਿਨ੍ਹਾਂ ਵਿੱਚੋਂ ਪਿਛਲੇ ਲੰਮੇ ਸਮੇਂ ਤੋਂ 36 ਆਸਮੀਆਂ ਖਾਲੀ ਪਈਆਂ ਹਨ । ਜਿਸਦੇ ਲਈ ਅਸੀਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ‘ਚ ਜਾਣੂ ਕਰਵਾ ਚੁੱਕੇ ਹਾਂ ।
ਕੈਪਸ਼ਨ: ਬਰੇਟਾ ਦੇ ਸਿਵਲ ਹਸਪਤਾਲ ਦੀ ਤਸਵੀਰ
