*ਹਰ ਸਿਹਤ ਕੇਦਰ ਵਿੱਚ ਟੀ.ਬੀ. ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ : ਸਿਵਲ ਸਰਜਨ ਮਾਨਸਾ*

0
55

ਮਾਨਸਾ, 24 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ )  : ਸਿਵਲ ਸਰਜਨ ਮਾਨਸਾ ਡਾ. ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ।ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਕਿਹਾ ਕਿ ਜ਼ਿਲੇ ਦੇ ਸਾਰੇ 108 ਸਬ-ਸੈਂਟਰਾ ਵਿਖੇ ਟੀ.ਬੀ. ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਏ ਗਏ।ਇਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਟੀ.ਬੀ. ਲਾ-ਇਲਾਜ ਬਿਮਾਰੀ ਨਹੀ ਹੈ ਅਤੇ ਇਸ ਦਾ ਇਲਾਜ ਜ਼ਿਲੇ ਦੇ ਹਰ ਸਿਹਤ ਕੇਂਦਰ ਵਿੱਚ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋਂ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਰੱਖਿਆ ਹੈ, ਜਿਸ ਵਿੱਚ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਹਰ ਇੱਕ ਟੀ.ਬੀ. ਮਰੀਜ਼ ਨੂੰ, ਜੋ ਸਰਕਾਰੀ ਸੰਸਥਾ ਤੋਂ ਰਜਿਸਟਰਡ ਹਨ, ਸਰਕਾਰ ਵੱਲੋਂ ਇਲਾਜ ਦੌਰਾਨ 500 ਰੁਪਏ ਪੌਸ਼ਟਿਕ ਖੁਰਾਕ ਲਈ ਦਿੱਤੇ ਜਾਂਦੇ ਹਨ ਤਾਂ ਜੋ ਮਰੀਜ਼ ਤੰਦਰੁਸਤ ਅਤੇ ਸਿਹਤਮੰਦ ਹੋ ਸਕੇ।ਉਨਾਂ ਦੱਸਿਆ ਕਿ ਇਸ ਦਿਵਸ ਦੇ ਮਨਾਉਣ ਦਾ ਮੰਤਵ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਲੱਛਣਾਂ ਵਾਲੇ ਮਰੀਜ਼ ਜਲਦੀ ਹੀ ਸਿਹਤ ਸੰਸਥਾ ਵਿੱਚ ਆ ਕੇ ਕਿਸੇ ਵੀ ਕੰਮ ਵਾਲੇ ਦਿਨ ਆਪਣਾ ਟੈਸਟ ਬਿਲਕੁਲ ਮੁਫ਼ਤ ਕਰਵਾ ਸਕਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਹਾ ਲੈ ਸਕਣ।
ਐਮ.ਡੀ. ਡਾ. ਪੰਕਜ ਸ਼ਰਮਾ ਨੇ ਬਿਮਾਰੀ ਦੀਆਂ ਨਿਸ਼ਾਨੀਆਂ ਬਾਰੇ ਦੱਸਦਿਆਂ ਕਿਹਾ ਕਿ ਜਦ ਵੀ ਕਿਸੇ ਨੂੰ ਦੋ ਹਫ਼ਤੇ ਤੋਂ ਜ਼ਿਆਦਾ ਖੰਘ, ਰਾਤ ਸਮੇਂ ਬੁਖਾਰ, ਭਾਰ ਘਟਣਾ ਅਤੇ ਛਾਤੀ ਵਿਚ ਦਰਦ ਹੋਵੇ ਤਾਂ ਉਹ ਤੁਰੰਤ ਸਰਕਾਰੀ ਸੰਸਥਾ ਵਿਚ ਜਾ ਕੇ ਆਪਣੇ ਟੈਸਟ ਬਿਲਕੁਲ ਮੁਫ਼ਤ ਕਰਵਾ ਸਕਦਾ ਹੈ।
ਡਾ. ਨਿਸ਼ੀ ਸੂਦ ਜ਼ਿਲਾ ਟੀ.ਬੀ. ਅਫ਼ਸਰ ਨੇ ਕਿਹਾ ਕਿ ਹੁਣ ਗਰਭਵਤੀ ਔਰਤਾਂ ਅਤੇ ਬਾਂਝਪਣ ਵਾਲੀਆਂ ਔਰਤਾਂ ਜਦੋਂ ਵੀ ਸਰਕਾਰੀ ਸਿਹਤ ਕੇਂਦਰ ਵਿਚ ਆਪਣੇ ਐਂਟੀ ਨੇਟਲ ਚੈੱਕਅਪ ਲਈ ਆਉਂਦੀਆਂ ਹਨ, ਉਨਾਂ ਦੀ ਟੀ.ਬੀ. ਸਬੰਧੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ।ਉਨਾਂ ਦੱਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ਸਾਰੇ ਜ਼ਿਲਾ ਹਸਪਤਾਲਾਂ ਵਿੱਚ ਬਲਗਮ ਦੀ ਜਾਂਚ, ਛਾਤੀ ਦਾ ਐਕਸਰੇ, ਸੀ.ਬੀ. ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾਂ ਰਾਹੀ. ਟੀ.ਬੀ. ਬਿਮਾਰੀ ਦੇ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹਨ।

LEAVE A REPLY

Please enter your comment!
Please enter your name here