
ਫਤਿਹਾਬਾਦ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਮਗਰੋਂ ਅੰਦੋਲਨ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਗਿਆ ਹੈ। ਹਰਿਆਣੇ ਦੀਆਂ ਤਮਾਮ ਖਾਪਾਂ ਖੁੱਲ੍ਹ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਈਆਂ ਹਨ। ਪਾਨੀਪਤ ਵਿੱਚ ਸ਼ਨੀਵਾਰ ਨੂੰ ਮਲਿਕ ਖਾਪ ਪੰਚਾਇਤ ਦੇ ਛੇ ਪਿੰਡਾਂ ਨੇ ਫੈਸਲਾ ਲਿਆ ਹੈ ਕਿ ਪਿੰਡਾਂ ਵਿੱਚੋਂ ਕਿਸਾਨ ਸਿੰਘੂ ਸਰਹੱਦ ’ਤੇ ਪਹੁੰਚਣਗੇ। ਐਤਵਾਰ ਨੂੰ ਕਿਸਾਨ ਇੱਕ-ਇੱਕ ਕਰਕੇ ਸੈਂਕੜੇ ਟਰੈਕਟਰ ਟਰਾਲੀਆਂ ਵਿੱਚ ਸਵਾਰ ਦਿੱਲੀ ਵੱਲ ਨੂੰ ਕੂਚ ਕਰਨ ਲੱਗੇ। ਇਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਦੀ ਵੀ ਰਹੀ।
ਫਤਿਹਾਬਾਦ ਦੇ ਪਿੰਡ ਦੌਲਤਪੁਰ ਵਿੱਚ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਪੰਚਾਇਤ ਕੀਤੀ ਗਈ ਜਿਸ ਵਿੱਚ ਭਾਜਪਾ ਦੇ ਨੇਤਾ ਵੀ ਸ਼ਾਮਲ ਹੋਏ। ਇਸ ਪੰਚਾਇਤ ਵਿੱਚ ਫਤਿਆਬਾਦ ਤੋਂ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਬਲਵਾਨ ਸਿੰਘ ਦੌਲਤਪੁਰੀਆ ਨੇ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ “ਅੱਜ ਸਮਾਂ ਆ ਗਿਆ ਹੈ ਕਿ ਕਿਸਾਨਾਂ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਦਾ, ਇਸ ਲਈ ਅੱਜ ਮੈਂ ਆਪਣੇ ਸਾਥੀਆਂ ਸਮੇਤ ਭਾਜਪਾ ਤੋਂ ਅਸਤੀਫਾ ਦੇਵਾਂਗਾ ਤੇ ਕਿਸਾਨੀ ਲਹਿਰ ਨੂੰ ਮਜ਼ਬੂਤ ਕਰਾਂਗਾ।”

ਉਧਰ, ਕਿਸਾਨ ਰਾਸ਼ਨ ਪਾਣੀ ਲੈ ਕੇ ਜਿਸ ਢੰਗ ਨਾਲ ਦਿੱਲੀ ਵੱਲ ਵੱਧ ਰਹੇ ਹਨ, ਉਸ ਤੋਂ ਇਹੀ ਲੱਗ ਰਿਹਾ ਹੈ ਕਿ ਹੁਣ ਉਹ ਲੰਬੇ ਸਮੇਂ ਤਕ ਡਟੇ ਰਹਿਣਗੇ ਤੇ ਕਾਨੂੰਨ ਰੱਦ ਕਰਵਾ ਕੇ ਹੀ ਮੁੜਣਗੇ। ਕਿਸਾਨ ਏਕਤਾ ਦੇ ਨਾਅਰੇ ਲਾਉਂਦੇ ਹੋਏ ਵੱਡੀ ਗਿਣਤੀ ‘ਚ ਨੌਜਵਾਨ ਵੀ ਦਿੱਲੀ ਵੱਲ ਨੂੰ ਵੱਧ ਰਹੇ ਹਨ। ਟਰੈਕਟਰਾਂ ਦੀ ਗਿਣਤੀ ਸਾਫ ਤੌਰ ਤੇ ਬਿਆਨ ਕਰ ਰਹੀ ਹੈ ਕਿ ਇਸ ਵਾਰ ਹਰਿਆਣਾ ਦੇ ਕਿਸਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਜ਼ਿਆਦਾ ਹੈ।
