*ਸੜਕ ਸੁਰੱਖਿਆ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇਗਾ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ*

0
24

ਚੰਡੀਗੜ੍ਹ 30,ਅਕਤੂਬਰ (ਸਾਰਾ ਯਹਾਂ): ਪੰਜਾਬ ‘ਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਰਾਹਗੀਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਪ੍ਰਤੀ ਪਾਬੰਦ ਕਰਨ ਦੇ ਮਨਸ਼ੇ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 14 ਨਵੰਬਰ ਨੂੰ “ਨੋ ਚਲਾਨ ਡੇਅ” ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਮੁਹਿੰਮ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜਿਵੇਂ ਤੇਜ਼ ਰਫ਼ਤਾਰ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਬਿਨਾਂ ਹੈਲਮੇਟ ਤੋਂ ਗੱਡੀ ਚਲਾਉਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਸੁਣਨਾ ਅਤੇ ਓਵਰਲੋਡਿੰਗ ਆਦਿ ਨੂੰ ਰੋਕਿਆ ਜਾਵੇਗਾ, ਸੜਕ ਸੁਰੱਖਿਆ ਬਾਰੇ ਆਵਾਜਾਈ ਬਾਰੇ ਸੰਖੇਪ ਜਾਣਕਾਰੀ ਰਾਹਗੀਰਾਂ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਤੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਸਬੰਧੀ ਪੈਂਫ਼ਲਿਟ ਅਤੇ ਬੈਜ ਵੰਡੇ ਜਾਣਗੇ।

ਸੂਬੇ ਦੇ ਸਾਰੇ ਬਲਾਕਾਂ, ਜ਼ਿਲ੍ਹਿਆਂ ਅਤੇ ਵੱਡੇ ਸ਼ਹਿਰਾਂ ਵਿੱਚ 14 ਨਵੰਬਰ, 2021 ਨੂੰ ਵਿੱਢੀ ਜਾਣ ਵਾਲੀ ਇਸ ਸੜਕ ਸੁਰੱਖਿਆ ਮੁਹਿੰਮ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਜ਼ੋਰ ਦਿੱਤਾ ਕਿ ਸੜਕ ਸੁਰੱਖਿਆ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ ਅਤੇ ਵਿਦਿਆਰਥੀਆਂ ਦਾ ਮੁਲਾਂਕਣ ਸੜਕ ਸੁਰੱਖਿਆ ਸਮੱਗਰੀ ਦੇ ਆਧਾਰ ‘ਤੇ ਗਰੇਡਾਂ ਨਾਲ ਕੀਤਾ ਜਾਵੇ ਨਾਕਿ ਇੱਕ ਆਪਸ਼ਨਲ ਪਾਠ ਵਜੋਂ। ਉਨ੍ਹਾਂ ਲੀਡ ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਤੇ ਕਾਲਜਾਂ ਵਿੱਚ ਸੜਕ ਸੁਰੱਖਿਆ ਨੂੰ ਸਿਲੇਬਸ ਦਾ ਹਿੱਸਾ ਬਣਾਉਣ ਲਈ ਸਕੂਲ, ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ 14 ਨਵੰਬਰ, 2021 ਨੂੰ “ਨੋ ਚਲਾਨ ਡੇਅ” ਸਵੇਰੇ 10:00 ਤੋਂ ਦੁਪਹਿਰ 12:00 ਵਜੇ ਤੱਕ ਮਨਾਇਆ ਜਾਵੇਗਾ ਜਿਸ ਦੌਰਾਨ ਟਰਾਂਸਪੋਰਟ ਵਿਭਾਗ ਅਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀ, ਇਲਾਕੇ ਦੇ ਲੋਕ ਨੁਮਾਇੰਦਿਆਂ ਦੇ ਸਹਿਯੋਗ ਅਤੇ ਗ਼ੈਰ ਸਰਕਾਰੀ ਸੰਗਠਨਾਂ ਤੇ ਸਿਵਲ ਸੁਸਾਇਟੀ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਰਾਹਗੀਰਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਗ਼ੈਰ ਸਰਕਾਰੀ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਆਮ ਲੋਕਾਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਲਿਆਉਣ ਲਈ ਪੂਰੀ ਤਰ੍ਹਾਂ ਸ਼ਮੂਲੀਅਤ ਕਰਦਿਆਂ ਹੈਲਮਟ ਵੰਡਣਗੀਆਂ ਅਤੇ ਰੈਟਰੋ ਰਿਫ਼ਲੈਕਟਿਵ ਟੇਪ ਆਦਿ ਵੀ ਲਾਉਣਗੀਆਂ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੂਬੇ ਵਿੱਚ ਰੇਟਰੋ ਰਿਫ਼ਲੈਕਟਿਵ ਬੈਂਡ, ਸੜਕ ਸੰਕੇਤਾਂ ਅਤੇ ਹੋਰ ਸੜਕ ਸੁਰੱਖਿਆ ਉਪਕਰਣਾਂ ਦੀ ਖ਼ਰੀਦ ਲਈ ਸੜਕ ਸੁਰੱਖਿਆ ਗਤੀਵਿਧੀਆਂ ਲਈ ਬਜਟ ਵਿੱਚ ਰਾਖਵੀਂ ਗ੍ਰਾਂਟ ਜਾਰੀ ਕਰਨ ਲਈ ਸੂਬਾ ਸਰਕਾਰ ਨਾਲ ਤੁਰੰਤ ਤਾਲਮੇਲ ਕੀਤਾ ਜਾਵੇਗਾ।

ਰਾਜਾ ਵੜਿੰਗ ਨੇ ਸੜਕੀ ਢਾਂਚੇ ਨਾਲ ਸਬੰਧਤ ਵਿਭਾਗਾਂ ਨੂੰ ਸੜਕ ਸੁਰੱਖਿਆ ਗਤੀਵਿਧੀਆਂ ਲਈ ਡੀ.ਪੀ.ਆਰ. ਵਿੱਚ ਨਵੀਆਂ ਸੜਕਾਂ ਬਾਰੇ ਕੀਤੇ ਬਜਟ ਉਪਬੰਧਾਂ ਦੀ ਪੂਰੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਅਤੇ ਵਿਭਾਗਾਂ ਨੂੰ ਪੇਂਡੂ ਅਤੇ ਮਿਊਂਸੀਪਲ ਸੜਕਾਂ ‘ਤੇ ਪੈਦਲ ਚਾਲਕਾਂ ਅਤੇ ਸਾਈਕਲ ਸਵਾਰਾਂ ਲਈ ਸੰਕੇਤਕ ਬੋਰਡਾਂ ਅਤੇ ਚਿੰਨ੍ਹਾਂ ਵਿੱਚ ਸੁਧਾਰ ਲਿਆਉਣ ਦੀ ਹਦਾਇਤ ਕੀਤੀ। ਇਸ ਸਬੰਧੀ ਲੀਡ ਏਜੰਸੀ ਵੱਲੋਂ ਸਮੂਹ ਅਥਾਰਟੀਆਂ ਨੂੰ ਪੱਤਰ ਲਿਖਿਆ ਜਾਵੇਗਾ।

ਏ.ਡੀ.ਜੀ.ਪੀ. (ਟਰੈਫ਼ਿਕ) ਡਾ. ਐਸ.ਐਸ. ਚੌਹਾਨ ਨੇ ਸੁਝਾਅ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਵਿਸ਼ਵ ਪੈਦਲ ਯਾਤਰੀ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਸਬੰਧੀ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੂੰ ਤਜਵੀਜ਼ ਭੇਜਣ।

LEAVE A REPLY

Please enter your comment!
Please enter your name here