ਫ਼ਰੀਦਕੋਟ/6ਮਾਰਚ / ਸੁਰਿੰਦਰ ਮਚਾਕੀ :-ਸੰਵਿਧਾਨ ਬਚਾਓ ਮੋਰਚਾ ਫਰੀਦਕੋਟ ਦੀ ਅਗਵਾਈ ਵਿੱਚ ਵਖ ਵਖ ਜੱਥੇਬੰਦੀਆਂ ਤੇ ਮੁਸਲਮ ਭਾਈਚਾਰੇ ਵਲੋ ਸ਼ਹਿਰ ਚ ਸੋਧੇ ਨਾਗਰਿਕ ਕਾਨੂੰਨ , ਕੌਮੀ ਵਸੋ ਰਜਿਸਟਰ ਅਤੇ ਕੌਮੀ ਨਾਗਰਿਕਤਾ ਰਜਿਸਟਰ ਦੇ ਖ਼ਿਲਾਫ ਮੁਜ਼ਹਾਰਾ ਕੀਤਾ ਗਿਆ ਜਿਹੜਾ ਟਿੱਲਾ ਬਾਬਾ ਫਰੀਦ ਨੇੜਿਓਂ ਸ਼ੁਰੂ ਹੋ ਕੇ ਮੁੱਖ ਬਜ਼ਾਰਾਂ ਚ ਹੁੰਦਾ ਹੋਇਆ ਮੁੜ ਇਥੇ ਆ ਕੇ ਖ਼ਤਮ ਹੋਇਆ । ਇਸ ਮੌਕੇ ਇਕੱਠ ਨੂੰ ਕਰਦਿਆ ਕਿਰਤੀ ਕਿਸਾਨ ਯੂਨੀਅਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਯੂਥ ਫਾਰ ਸਵਰਾਜ ਦੇ ਲਵਪ੍ਰੀਤ ਸਿੰਘ ਫੇਰੂਰਾਈ ,ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਗੁਰਦਿਆਲ ਸਿੰਘ ਭੱਟੀ, ਸੰਵਿਧਾਨ ਬਚਾਓ ਮੋਰਚੇ ਦੇ ਅਸ਼ੋਕ ਕੌਸ਼ਲ ਬਾਵਰੀਆ ਸਮਾਜ ਦੇ ਸਰਬਣ ਸਿੰਘ ਪੰਜਗਰਾਈਂ ਅਤੇ ਮੁਸਲਮ ਵੈਲਫੇਅਰ ਸਮਾਜ ਦੇ ਅਨਵਰ ਹੁਸੈਨ ਨੇ ਸੰਬੋਧਨ ਕੀਤਾ । ਸੰਬੋਧਨ ਕਰਦਿਆ ਬੁਲਾਰਿਆ ਨੇ ਇਨ੍ਹਾਂ ਕਾਨੂੰਨਾਂ ਦੀ ਬਾਦਲੀਲ ਚੀਰਫਾੜ ਕਰਦਿਆ ਇਹ ਕਾਨੂੰਨ ਕਰੋੜਾਂ ਭਾਰਤੀਆਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਦੀ ਅਗਨੀ ਪ੍ਰੀਖਿਆ ਦੇਣ ਜਾਂ ਫ਼ਿਰ ਬੇਵਤਨੇ ਜਾਂ ਘੁਸਪੈਠੀਏ ਹੋ ਕੇ ਬੰਦੀਖਾਨਿਆਂ ਦੀ ਕੈਦ ਭੁਗਤਣ ਦੀ ਚੁਣੌਤੀ ਖੜ੍ਹਾ ਕਰਦਾ ਹੈ । ਸੰਵਿਧਾਨ ਦੀਆਂ ਵਖ ਵਖ ਧਰਾਵਾਂ ਦੇ ਹਵਾਲਿਆਂ ਨਾਲ ਇਨ੍ਹਾਂ ਕਾਨੂੰਨਾਂ ਨੂੰ ਲੋਕਾਂ ਦੇ ਖਿਲਾਫ ਤੇ ਸਮਾਜ ਨੂੰ ਖੇਰੂ ਖੇਰੂ ਕਰਨ ਵਾਲਾ ਦੱਸਿਆ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਆਰ ਐਸ ਐਸ ਇਨ੍ਹਾਂ ਕਾਨੂੰਨਾਂ ਰਾਹੀ ਧਰਮ ਨਿਰਪੱਖ ਮੁਲਕ ਨੂੰ ਇਕ ਧਾਰਮਿਕ ਮੁਲਕ ਚ ਬਦਲ ਕੇ ਬਹੁਗਿਣਤੀ ਵਸੋਂ ਦੀ ਘਟ ਗਿਣਤੀਆਂ ‘ਤੇ ਸਰਦਾਰੀ ਥੋਪਣੀ ਚਾਹੁੰਦੀ ਹੈ। ਇਸ ਦੇ ਬਰਖਿਲਾਫ਼ ਮੁਲਕ ਭਰ ਚ ਵਿਰੋਧ ਇਕੱਠਾ ਹੋ ਕੇ ਲਗਾਤਾਰ ਵਧ ਰਿਹਾ ਹੈ ਜਿਸਨੇ ਆਉਣ ਵਾਲੇ ਦਿਨਾਂ ਚ ਨਿਰਣਾਇਕ ਮੋੜ ਲੈਣਾ ਹੈ । ਇਸਦਾ ਸਾਥ ਦੇਣ ਲਈ ਪਿੰਡਾਂ ਤੇ ਸ਼ਹਿਰਾਂ ਚ ਇਨ੍ਹਾਂ ਕਾਨੂੰਨਾਂ ਦੇ ਬਾਈਕਾਟ ਕਰਨ ਲਈ ਬਾਈਕਾਟ ਕਮੇਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ । ਵਖ ਵਖ ਖੱਬੀਆਂ ਪਾਰਟੀਆਂ ਵਲੋ 25 ਮਾਰਚ ਨੂੰ ਲੁਧਿਆਣੇ ਕੀਤੇ ਜਾ ਰਹੇ ਵੱਡੇ ਇਕੱਠ ਚ ਹਰ ਵਰਗ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਕਰਾਉਣਾ ਲਈ ਜਥੇਬੰਦਕ ਯਤਨ ਕਰਨੇ ਚਾਹੀਦੇ ਹਨ । ਬੁਲਾਰਿਆਂ ਨੇ ਦਿੱਲੀ ਹਜ਼ੂਮੀ ਹਿੰਸਾ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਚ ਸਮਾਬੰਦ ਜਾਂਚ ਕਰਾਉਣ ਤੇ ਇਸ ਹਿੰਸਾ ਨੂੰ ਭੜਕਾਉਣ ਲਈ ਭੜਕਾਉਣ ਵਾਲੀਆਂ ਤਕਰੀਰਾਂ ਕਰਨ ਵਾਲੇ ਭਾਜਪਾ ਤੇ ਆਰ ਐਸ ਐਸ ਆਗੂਆਂ ‘ਤੇ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ । ਇਸ ਮੌਕੇ ਜਰਨਲਿਸਟ ਸੁਰਿੰਦਰ ਮਚਾਕੀ, ਤਰਕਸ਼ੀਲ ਆਗੂ ਸੁਖਚੈਨ ਸਿੰਘ ਥਾਦੇਵਾਲਾ, ਨੌਜੁਆਨ ਭਾਰਤ ਸਭਾ ਆਗੂ ਨੌਨਿਹਾਲ ਸਿੰਘ ,ਇਸਤਰੀ ਜਾਗ੍ਰਿਤੀ ਮੰਚ ਆਗੂ ਜਗਰੂਪ ਕੌਰ ਦੀਪ ਸਿੰਘ ਵਾਲਾ, ਭੋਲਾ ਸਿੰਘ ਭੱਟੀ, ਭੋਲਾ ਸਿੰਘ ਚਮੇਲੀ ,ਮੁਹੰਮਦ ਰਾਸ਼ਿਦ,ਮੁਹੰਮਦ ਹਸੀਸ , ਮਹੁੰਮਦ ਇਜ਼ਰਾਇਲ ਵੀ ਹਾਜਰ ਸਨ ।,