ਮਾਨਸਾ, 31 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 28 ਮਾਰਚ, 2023 ਨੂੰ ਐਮਿਟੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਆਡਿਟੋਰੀਅਮ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੂਬਾ ਪੱਧਰੀ ਪ੍ਰਤਿਭਾ ਖੋਜ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ, ਜਿੱਥੇ ਇਨਕਲੂਸਿਵ ਐਜੂਕੇਸ਼ਨ ਫਾਰ ਡਿਸਏਬਲਡ(ਆਈ.ਈ.ਡੀ.) ਅਧੀਨ ਸਿੱਖਿਆ ਲੈ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ। ਚਿੱਤਰਕਾਰੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕਰਨ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ) ਸ਼ੀਮਤੀ ਭੁਪਿੰਦਰ ਕੌਰ ਵੱਲੋਂ ਚਿਰਾਗ ਸਿੰਗਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਦੇ ਬੱਚਿਆਂ ਵੱਲੋਂ ਪੇਸ਼ਕਾਰੀ ਕੀਤੀ ਗਈ, ਜਿੱਥੇ 500 ਦੇ ਕਰੀਬ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਕਰਵਾਏ ਗਏ ਚਿੱਤਰਕਾਰੀ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਜ਼ਿਲ੍ਹੇ ਦੇ ਬਲਾਕ ਬਰੇਟਾ ਦੇ ਚਿਰਾਗ ਸਿੰਗਲਾ ਨੇ ਚਿੱਤਰਕਾਰੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਬੈਂਸ ਦੁਆਰਾ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ’ਤੇ ਪ੍ਰਮਾਣ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਪ੍ਰਤਿਭਾਸ਼ਾਲੀ ਬੱਚਿਆਂ ਵਿੱਚ ਕਲਾ ਨੂੰ ਨਿਖਾਰਨ ਲਈ ਅਧਿਆਪਕਾਂ ਨੇ ਮਿਹਨਤ ਨਾਲ ਤਿਆਰੀ ਕਰਵਾਈ ਹੈ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ਼੍ਰੀ ਗੁਰਲਾਭ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼੍ਰੀ ਵਿਜੈ ਕੁਮਾਰ ਮਿੱਡਾ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀ ਰਾਕੇਸ਼ ਕੁਮਾਰ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਟੀਚਰ ਸ਼੍ਰੀ ਤਰਸੇਮ ਸਿੰਘ ਅਤੇ ਆਈ.ਈ.ਵੀ. ਸ਼੍ਰੀਮਤੀ ਕਰਮਜੀਤ ਕੌਰ ਮੌਜੂਦ ਸਨ।