*ਗਰਲਜ਼ ਸਕੂਲ ਮਾਨਸਾ ਵਿੱਚ ਕਰਵਾਇਆ ਗਿਆ ਇਨਾਮ ਵੰਡ ਸਮਾਗਮ*

0
53

ਮਾਨਸਾ, 31 ਮਾਰਚ-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ)  ਸ਼ੈਸ਼ਨ 2022-23 ਦੇ ਅਖੀਰਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਵੱਖ-ਵੱਖ ਜਮਾਤਾਂ ਵਿੱਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚੋਂ ਆਪਣੀ ਅਣਥੱਕ ਮਿਹਨਤ ਸਦਕਾ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਸਮਾਰੋਹ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਪਦਮਨੀਂ  ਸਿੰਗਲਾ, ਸਮੂਹ ਅਧਿਆਪਕ ਸਾਹਿਬਾਨ, ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ ।  ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਪਦਮਨੀ ਸਿੰਗਲਾ ਜੀ ਨੇ ਜਿੱਥੇ ਵੱਖ-ਵੱਖ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਚ ਤੋਂ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ, ਉੱਥੇ ਹੀ ਹਾਜ਼ਰੀਨ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ  ਹੋਰ ਮਿਹਨਤ ਕਰੋਗੇ ਤਾਂ ਆਉਣ ਵਾਲੇ ਸਾਲਾਂ ਵਿੱਚ ਤੁਸੀਂ ਵੀ ਇਹ ਪੁਜ਼ੀਸ਼ਨਾਂ ਪ੍ਰਾਪਤ ਕਰ ਸਕਦੇ ਹੋ ਅਤੇ ਸਨਮਾਨ ਪ੍ਰਾਪਤ ਕਰ ਸਕਦੇ ਹੋ।ਨਤੀਜੇ ਦੇਣ ਤੋਂ ਪਹਿਲਾ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ।  ਦੀਪਿਕਾ ਜਮਾਤ ਅੱਠਵੀਂ ਦੀ ਵਿਦਿਆਰਥਣ ਨੂੰ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਪ੍ਰਵੀਨ ਰਾਣੀ ਨੂੰ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਕਵਿਤਾ ਗਾਇਨ ਮੁਕਾਬਲੇ ਵਿੱਚ ਜਿਲ੍ਹਾ ਪੱਧਰ ‘ਤੇ ਤੀਸਰਾ ਸਥਾਨ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ ।  ਮੰਚ ਸੰਚਾਲਨ ਕਰਦਿਆਂ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ ਜਿਨ੍ਹਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ ।  ਉਨ੍ਹਾਂ ਕਿਹਾ ਕਿ ਹਰੇਕ ਮਾਂ-ਪਿਉ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀ ਧੀ ਪੜ੍ਹਾਈ ਵਿੱਚ ਹੁਸ਼ਿਆਰ ਹੋਵੇ, ਪੜ੍ਹ ਲਿਖ ਕੇ ਚੰਗੀ ਨੌਕਰੀ ਪ੍ਰਾਪਤ ਕਰੇ ਅਤੇ ਖੂਬ ਤਰੱਕੀ ਕਰੇ । ਬੱਚਿਆਂ ਨੂੰ ਆਪਣੇ ਮਾਪਿਆਂ ਦੀ ਇਸ ਇੱਛਾ ਦਾ ਖਿਆਲ ਜਰੂਰ ਰੱਖਣਾ ਚਾਹੀਦਾ ਹੈ ਅਤੇ ਖੂਬ ਮਿਹਨਤ ਕਰਨੀ ਚਾਹੀਦੀ ਹੈ । ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਵੱਖ-ਵੱਖ ਪੁਜ਼ੀਸ਼ਨਾਂ ਪ੍ਰਾਪਤ ਕਰਨ ਅਤੇ ਸਨਮਾਨਿਤ ਹੋਣ ‘ਤੇ ਬਹੁਤ ਮਾਣ ਅਤੇ ਖ਼ੁਸ਼ੀ ਮਹਿਸੂਸ ਕੀਤੀ ਗਈ।  ਸਕੂਲ ਦੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਬਹੁਤ ਹੀ ਯੋਗ ਅਧਿਆਪਕਾਂ ਦੇ ਸਿਰ ਜਾਂਦਾ ਹੈ ਜਿਨ੍ਹਾਂ ਵੱਲੋਂ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਅਤੇ ਖ਼ੂਬ ਮਿਹਨਤ ਕਰਵਾਈ । ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।

LEAVE A REPLY

Please enter your comment!
Please enter your name here