*ਸੀਵਰੇਜ ਦਾ ਪਾਣੀ ਦੇ ਰਿਹੈ ਬਿਮਾਰੀਆਂ ਨੂੰ ਸੱਦਾ, ਜਿਸ ਦੇ ਪ੍ਰਬੰਧ ਲਈ ਸਿਹਤ ਮੰਤਰੀ ਨੇ ਦਿੱਤਾ ਭਰੋਸਾ*

0
48

ਮਾਨਸਾ, 12 ਅਪ੍ਰੈਲ:-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਜਿਲ੍ਹਾ ਮਾਨਸਾ ਅੰਦਰ ਪਹਿਲਾ ਤੋਂ ਪ੍ਰਗਤੀ ਅਧੀਨ ਅਤੇ ਨਵੇ ਸ਼ੁਰੂ ਹੋਣ ਵਾਲੇ ਵਿਕਾਸ ਕਾਰਜ਼ਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਨੇ ਅੱਜ 33 ਫੁੱਟ ਰੋਡ ਅਤੇ ਲੱਲੂਆਣਾ ਰੋਡ ’ਤੇ ਸੀਵਰੇਜ਼ ਦੇ ਚੱਲ ਰਹੇ ਕਾਰਜ਼ਾਂ ਦਾ ਜਾਇਜ਼ਾ ਲੈਣ ਵੇਲੇ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ 33 ਫੁੱਟ ਸੜਕ ਦੇ ਪੈਣ ਵਾਲੇ ਸੀਵਰੇਜ਼ ਸਮੇਤ ਸਮੁੱਚੇ ਸ਼ਹਿਰ ਦੀ ਸੀਵਰੇਜ਼ ਵਿਵਸਥਾ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਨੇੜ ਭਵਿੱਖ ਅੰਦਰ ਸੀਵਰੇਜ਼ ਦੀ ਸਮੱਸਿਆ ਨਾਲ ਲੋਕਾਂ ਨੂੰ ਕੋਈ ਮੁਸਕਿਲ ਪੇਸ਼ ਨਾ ਆਵੇ। ਉਨਾਂ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਬੰਦੀ ਦੌਰਾਨ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਸੋਧੇ ਹੋਏ ਪਾਣੀ ਦੀ ਨਿਕਾਸੀ ਦਾ ਠੋਸ ਹੱਲ ਕੀਤਾ ਜਾਵੇ। ਸਿੰਗਲਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਗਲੀਆਂ ਅਤੇ ਬਜ਼ਾਰਾਂ ਅੰਦਰ ਬਣੀਆਂ ਨਾਲੀਆਂ ਦੀ ਰੋਜ਼ਾਨਾ ਪੱਧਰ ’ਤੇ ਸਫਾਈ ਕਰਵਾਈ ਜਾਵੇ। ਉਨਾਂ ਕਿਹਾ ਕਿ ਸੀਵਰੇਜ਼ ਅੰਦਰ ਨਾਲੀਆਂ ਦਾ ਪਾਣੀ ਪੈਣ ਤੋਂ ਰੋਕਣ ਲਈ ਨਾਲੀਆ ਦੇ ਆਖਿਰ ’ਚ ਜਾਲ ਲਗਾਇਆ ਜਾਵੇ, ਤਾਂ ਜੋ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਤੋਂ ਸ਼ਹਿਰ ਵਾਸੀਆ ਨੂੰ ਨਿਜਾਤ ਮਿਲ ਸਕੇ। ਉਨਾਂ ਜ਼ਿਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਮੁੱਚੀ ਸੀਵਰੇਜ਼ ਵਿਵਸਥਾ ਸਮੇਤ ਜ਼ਿਲੇ ਅੰਦਰ ਬਣਨ ਵਾਲੀਆਂ ਸੜਕਾਂ, ਗਲੀਆਂ, ਨਾਲੀਆਂ ਦੀ ਜਲਦ ਨੁਹਾਰ ਬਦਲੇਗੀ। ਉਨਾਂ ਲੋਕਾਂ ਨੂੰ ਘਰਾਂ ਦਾ ਕੂੜਾ ਕਰਕਟ ਅਤੇ ਪਲਾਸਟਿਕ ਦੇ ਲਿਫਾਫੇ ਨਾਲੀਆਂ ਜਾਂ ਘਰਾਂ ਦੇ ਬਾਹਰ ਨਾ ਸੁੱਟਣ ਅਪੀਲ ਵੀ ਕੀਤੀ। ਕੈਬਨਿਟ ਮੰਤਰੀ  ਸਿੰਗਲਾ ਨੇ ਕਿਹਾ ਕਿ ਹਲਕਾ ਮਾਨਸਾ ਸਮੇਤ ਜ਼ਿਲੇ ਅੰਦਰ ਵਿਕਾਸ ਕਾਰਜ਼ਾਂ ਲਈ ਪੈਸੇ ਦੀ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਹਿੱਤਾਂ ’ਤੇ ਪਹਿਰਾ ਦੇਣ ਲਈ ਪੂਰੀ ਤਰਾਂ ਕਾਰਜ਼ਸੀਲ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀ ਛੱਡੇਗੀ।
ਇੱਥੇ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਪਿਛਲੇ ਦਸ ਦਿਨਾਂ ਤੋਂ ਸੀਵਰੇਜ ਦੇ ਨਿਕਾਸ ਦਾ ਮਾੜੇ ਪ੍ਰਬੰਧ ਕਾਰਨ  ਸੀਵਰੇਜ ਦਾ ਪਾਣੀ  ਮਾਨਸਾ ਦੇ ਵਸਨੀਕਾਂ ਲਈ ਖੌਫ ਬਣਿਆ ਹੋਇਆ ਹੈ  । ਇਕ ਪਾਸੇ ਸਰਕਾਰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਦੂਸਰੇ ਪਾਸੇ ਪੂਰੇ ਸ਼ਹਿਰ ਦਾ  ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੁਰਾ ਹਾਲ ਹੈ ਜਿਸ ਦੀਆਂ ਤਸਵੀਰਾਂ ਮੂੰਹੋ ਬੋਲ ਰਹੀਆਂ ਹਨ  ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਅਮਰਪ੍ਰੀਤ ਕੌਰ, ਐਸ.ਡੀ.ਐਮ ਸਰਦੂਲਗੜ ਮਨੀਸ਼ਾ ਰਾਣਾ, ਐਕਸ਼ੀਅਨ ਸੀਵਰੇਜ਼ ਬੋਰਡ ਮਾਨਸਾ ਸਤਵਿੰਦਰ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here