ਮਾਨਸਾ, 01 ਜੂਨ- (ਸਾਰਾ ਯਹਾਂ/ )ਗੁਰਪ੍ਰੀਤ ਧਾਲੀਵਾਲ) ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਾਂ ਨਾਲ ਜਾਣੇ ਜਾਂਦੇ ਸ਼ੁਭਦੀਪ ਸਿੰਘ ਸਿੱਧੂ ਦੇ ਮਾਪਿਆਂ ਨੇ ਭਰੇ ਮਨ ਨਾਲ ਅੱਜ ਉਸ ਦੇ ਫੁੱਲ ਚੁਗੇ ਅਤੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਲਈ ਪਰਿਵਾਰ ਕੀਰਤਪੁਰ ਸਾਹਿਬ ਪਹੁੰਚੇ । ਫੁੱਲਾਂ ਨੂੰ ਆਪਣੀ ਹਿੱਕ ਨਾਲ ਲਗਾ ਕੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਮੱਥਾ ਟੇਕਿਆ। ਇਸ ਮੌਕੇ ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਜੀ, ਮਾਤਾ ਜੀ ਅਤੇ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਕਾਂਗਰਸੀ ਵਿਧਾਇਕ ਰਾਜਾ ਬੜਿੰਗ ਪਹੁੰਚੇ। ਬੀਤੇ ਦਿਨ ਵਾਂਗ ਅੱਜ ਵੀ ਸਿੱਧੂ ਮੂਸੇਵਾਲਾ ਦੇ ਚਾਹਣ ਵਾਲੇ ਵੱਡੀ ਗਿਣਤੀ ਵਿੱਚ ਉਥੇ ਮੌਜੂਦ ਰਹੇ। ਜਿਸ ਗੱਡੀ ਵਿੱਚ ਸਿੱਧੂ ਮੂਸੇਵਾਲਾ ਦੇ ਫੁੱਲ ਲਿਆਂਦੇ ਗਏ, ਉਸ ਵਿੱਚ ਉਸ ਦੀ ਤਸਵੀਰ ਵੀ ਰੱਖੀ ਗਈ ਸੀ। ਸ਼ੁਭਦੀਪ ਦੀ ਅੰਤਿਮ ਅਰਦਾਸ ਤੇ ਭੋਗ ਪਰਿਵਾਰ ਵੱਲੋਂ 8 ਜੂਨ ਨੂੰ ਕੀਤੀ ਜਾਏਗੀ। ਦੱਸ ਦੇਈਏ ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਉਸ ਦੇ ਮਾਪਿਆਂ ਦਾ ਦਰਦ ਉਨ੍ਹਾਂ ਦੀ ਜ਼ੁਬਾਨ ‘ਤੇ ਆਇਆ। ਉਨ੍ਹਾਂ ਕਿਹਾ ਕਿ ‘‘ਉਨ੍ਹਾਂ ਨੇ ਸਿੱਧੂ ਨਹੀਂ, ਇਕ ਮਜ਼ਦੂਰ ਦਾ ਪੁੱਤ ਮਾਰਿਆ ਹੈ। ਅਸੀਂ ਪਤੀ-ਪਤਨੀ ਮਜ਼ਦੂਰੀ ਕਰਕੇ ਪੁੱਤਰ ਨੂੰ ਇਥੋਂ ਤਕ ਲੈ ਕੇ ਆਏ ਸੀ। ਆਮਦਨ ਬਹੁਤ ਘੱਟ ਸੀ, ਰੋਟੀ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਸੀ। ਜਿਸ ਦਿਨ ਸੋਸ਼ਲ ਮੀਡੀਆ ’ਤੇ ਸੁਰੱਖਿਆ ਘਟਾਉਣ ਦੀਆਂ ਖ਼ਬਰਾਂ ਆਈਆਂ, ਉਸੇ ਦਿਨ ਸਾਡੇ ਘਰ ਦੇ ਅੱਗੇ ਗੱਡੀਆਂ ਘੁੰਮਣ ਲੱਗੀਆਂ। ਅਸੀਂ ਆਪਣੇ ਪੁੱਤ ਨੂੰ ਘਰ ’ਚ ਰੋਕ ਕੇ ਰੱਖਿਆ। ਅਸੀਂ ਇਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜ਼ਿਆਦਾ ਤਰੱਕੀ ਮਰਵਾ ਦਿੰਦੀ ਹੈ। ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ।”
ਉਨ੍ਹਾਂ ਕਿਹਾ ਕਿ ਅੱਜ ਸਾਡਾ ਘਰ ਉੱਜੜ ਗਿਆ। ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਕੰਮ ਕਰੋ ਪਰ ਸੋਸ਼ਲ ਮੀਡੀਆ ’ਤੇ ਅਪਲੋਡ ਨਾ ਕਰੋ। ਕਿਸੇ ਨੇ ਸਾਨੂੰ ਗੈਂਗਸਟਰਾਂ ਨਾਲ ਜੋੜ ਦਿੱਤਾ। ਮੈਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਫੌਜ ’ਚ ਬਤੀਤ ਕੀਤਾ ਹੈ। ਲੇਹ ਲੱਦਾਖ ਵਰਗੀ ਜਗ੍ਹਾ ’ਚ -30 ਡਿਗਰੀ ਸੈਲਸੀਅਸ ਤਾਪਮਾਨ ’ਚ ਡਿਊਟੀ ਕੀਤੀ, ਕੀ ਮੈਂ ਆਪਣੇ ਦੇਸ਼ ਦੇ ਖ਼ਿਲਾਫ਼ ਇਕ ਵੀ ਅਪਸ਼ਬਦ ਨਹੀਂ ਸੁਣਾਂਗਾ। ਸਾਡੇ ਬੱਚੇ ਨੂੰ ਸਰਕਾਰ ਨੇ ਮਾਰਿਆ ਹੈ। ਮੈਨੂੰ ਆਪਣੇ ਪੁੱਤ ਦੀ ਮੌਤ ’ਤੇ ਮਾਣ ਹੈ ਪਰ ਉਸ ਦੀ ਘਾਟ ਮੈਨੂੰ ਮਰਦੇ ਦਮ ਤਕ ਰੜਕਦੀ ਰਹੇਗੀ।’’